ਹਲਕਾ ਦਿੜ੍ਹਬਾ ਵਿੱਚ 60 ਕਿਲੋਮੀਟਰ ਨਵੀਆਂ ਸੜਕਾਂ ਬਣਨਗੀਆਂ 85 ਕਿਲੋਮੀਟਰ ਸੜਕਾਂ ਹੋਣਗੀਆਂ ਅੱਪਗਰੇਡ - ਹਰਪਾਲ ਸਿੰਘ ਚੀਮਾ - ਅੱਪਗਰੇਡ ਹੋਣ ਵਾਲੀਆਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਰਿਹਾ - ਵਿੱਤ ਅਤੇ ਯੋਜਨਾ ਮੰਤਰੀ - ਕਿਹਾ, ਗਾਇਕ ਰਾਜਵੀਰ ਜਵੰਦਾ ਦਾ ਭਰ ਜਵਾਨੀ ਵਿੱਚ ਚਲਾ ਜਾਣਾ ਬਹੁਤ ਦੁਖਦਾਈ ਦਿੜ੍ਹਬਾ, 9 ਅਕਤੂਬਰ 2025 : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈਸ ਕਰਨ ਦੇ ਯਤਨਾਂ ਤਹਿਤ ਅੱਜ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਹਲਕਾ ਦਿੜ੍ਹਬਾ ਦੇ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੇ ਉਦਘਾਟਨ ਕਰਨ ਦੇ ਨਾਲ ਨਾਲ ਇਕ ਸੜਕ ਦਾ ਨੀਂਹ ਪੱਥਰ ਰੱਖਿਆ। ਅੱਜ ਉਹਨਾਂ ਵੱਲੋਂ 101.12 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਦੀਵਾਨਗੜ੍ਹ ਕੈਂਪਰ ਤੋਂ ਖੇਤਲਾ (ਲੰਬਾਈ ਤੋਂ 3.20 ਕਿ. ਮੀ) ਸੜਕ ਅਤੇ 322.62 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਗਈ ਦੀਵਾਨਗੜ੍ਹ ਕੈਂਪਰ ਤੋਂ ਲਾਡਬੰਜਾਰਾ ਕਲਾਂ ਵਾਇਆ ਖੇੜੀ ਨਾਗਾ (ਲੰਬਾਈ ਤੋਂ 6.60 ਕਿ. ਮੀ) ਸੜਕ ਦਾ ਉਦਘਾਟਨ ਕੀਤਾ ਗਿਆ । ਇਸ ਤੋਂ ਇਲਾਵਾ ਉਹਨਾਂ ਵੱਲੋਂ 102.40 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਸਫੀਪੁਰ ਕਲਾਂ ਤੋਂ ਖੇੜੀ ਨਗੀਆਂ ਬੁਰਜ ਟਿੱਲਾ (ਲੰਬਾਈ ਤੋਂ ਵੱਧ 2.50 ਕਿ. ਮੀ) ਸੜਕ ਦਾ ਨੀਹ ਪੱਥਰ ਵੀ ਰੱਖਿਆ ਗਿਆ। ਉਹਨਾਂ ਕਿਹਾ ਕਿ ਸਫੀਪੁਰ ਕਲਾਂ ਤੋਂ ਖੇੜੀ ਨਗੀਆਂ ਬੁਰਜ ਟਿੱਲਾ ਸੜਕ ਨੂੰ 2 ਮਹੀਨੇ ਵਿੱਚ ਮੁਕੰਮਲ ਕੀਤਾ ਜਾਵੇਗਾ । ਪਿੰਡ ਸਫੀਪੁਰ ਕਲਾਂ, ਖੇਤਲਾ ਅਤੇ ਦੀਵਾਨਗੜ੍ਹ ਕੈਂਪਰ ਵਿਖੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸੜਕਾਂ ਦਾ ਨਵਾਂ ਜਾਲ ਵਿਛਾਉਣ ਲਈ 19 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਉਥੇ ਹੀ ਇਕੱਲੇ ਹਲਕਾ ਦਿੜ੍ਹਬਾ ਵਿੱਚ 60 ਕਿਲੋਮੀਟਰ ਨਵੀਆਂ ਸੜਕਾਂ ਬਣਨਗੀਆਂ ਅਤੇ 85 ਕਿਲੋਮੀਟਰ ਸੜਕਾਂ ਨੂੰ ਅੱਪਗਰੇਡ ਕੀਤਾ ਜਾ ਰਿਹਾ ਹੈ । ਅੱਪਗਰੇਡ ਹੋਣ ਵਾਲੀਆਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਹਲਕਾ ਦਿੜ੍ਹਬਾ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ । ਇਸ ਮੌਕੇ ਉਹਨਾਂ ਨੇ ਪਿੰਡ ਖੇਤਲਾ ਵਿਖੇ 34 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਡਿਸਪੈਂਸਰੀ ਦੀ ਇਮਾਰਤ ਅਤੇ 23 ਲੱਖ ਰੁਪਏ ਨਾਲ ਲਾਗਤ ਨਾਲ ਬਣ ਰਹੇ ਪੰਚਾਇਤ ਘਰ ਦਾ ਵੀ ਜ਼ਾਇਜਾ ਲਿਆ । ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ । ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਦਿੜ੍ਹਬਾ ਵਿਖੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਪੰਜਾਬ ਸਰਕਾਰ ਨੇ ਆਪਣੀ ਸਾਫ਼ ਨੀਅਤ ਅਤੇ ਸਪੱਸ਼ਟ ਨੀਤੀ ਨਾਲ ਸੂਬੇ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ਵਿਚ ਆ ਕੇ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਖਤਮ ਕੀਤਾ ਹੈ । ਜਿਸ ਦੇ ਨਤੀਜੇ ਵਜੋਂ ਸਰਕਾਰੀ ਖ਼ਜ਼ਾਨੇ ਅਤੇ ਲੋਕਾਂ ਦੇ ਪੈਸੇ ਦੀ ਬਚਤ ਹੋਣ ਲੱਗੀ ਹੈ । ਹੁਣ ਸੂਬਾ ਆਰਥਿਕ ਮੰਦਹਾਲੀ ਵਿੱਚੋਂ ਨਿਕਲ ਚੁੱਕਾ ਹੈ । ਅਗਲੇ ਸਮੇਂ ਵਿੱਚ ਸੂਬੇ ਦਾ ਰਿਕਾਰਡਤੋੜ ਸਰਬਪੱਖੀ ਵਿਕਾਸ ਹੋਵੇਗਾ। ਉਹਨਾਂ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਪੈਸਾ ਪੰਜਾਬ ਸਰਕਾਰ ਦੇਵੇਗੀ ਪਰ ਲੋਕ ਵਿਕਾਸ ਖੁਦ ਆਪਣੀ ਨਿਗਰਾਨੀ ਵਿੱਚ ਕਰਵਾਉਣ । ਉਹਨਾਂ ਦੱਸਿਆ ਕਿ ਇਹ ਸੜਕਾਂ ਇਲਾਕੇ ਦੇ ਲੋਕਾਂ ਦੀ ਲੰਮੀ ਚੱਲੀ ਆ ਰਹੀ ਮੰਗ ਸੀ, ਜੋ ਹੁਣ ਪੂਰੀ ਹੋ ਗਈ ਹੈ । ਉਨ੍ਹਾਂ ਕਿਹਾ ਕਿ ਇਹਨਾਂ ਸੜਕਾਂ ਨਾਲ ਲੋਕਾਂ ਦੀ ਆਵਾਜਾਈ ਨੂੰ ਆਸਾਨ ਬਣੇਗੀ । ਇਸ ਤੋਂ ਪਹਿਲਾਂ ਵੀ ਪਿੰਡ ਨੂੰ ਲੱਖਾਂ ਰੁਪਏ ਦੀ ਗਰਾਂਟ ਵਿਕਾਸ ਕਾਰਜਾਂ ਲਈ ਦਿੱਤੀ ਜਾ ਚੁੱਕੀ ਹੈ । ਉਹਨਾਂ ਕਿਹਾ ਕਿ ਹਲਕਾ ਦਿੜ੍ਹਬਾ ਦਾ ਵਿਕਾਸ ਅਤੇ ਲੋਕ ਸੇਵਾ ਉਹਨਾਂ ਦੀ ਡਿਊਟੀ ਹੈ । ਹਲਕੇ ਦੇ ਲੋਕਾਂ ਨੇ ਹੀ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ । ਇਹ ਸੇਵਾ ਨਿਭਾਅ ਕੇ ਉਹ ਆਪਣਾ ਫਰਜ਼ ਵੀ ਪੂਰਾ ਕਰ ਰਹੇ ਹਨ । ਉਹ ਹਲਕਾ ਦਿੜ੍ਹਬਾ ਵਾਸੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਲਈ ਸਾਢੇ ਤਿੰਨ ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹਨ । ਇਸ ਮੌਕੇ ਉਹਨਾਂ ਉੱਘੇ ਗਾਇਕ ਰਾਜਵੀਰ ਜਵੰਦਾ ਦੇ ਭਰ ਜਵਾਨੀ ਵਿੱਚ ਚਲੇ ਜਾਣ ਉੱਤੇ ਬਹੁਤ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਨੇ ਇਕ ਹੋਣਹਾਰ ਕਲਾਕਾਰ ਨੂੰ ਗਵਾ ਲਿਆ ਹੈ । ਇਸ ਮੌਕੇ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ, ਤਪਿੰਦਰ ਸਿੰਘ ਸੋਹੀ ਓ. ਐਸ. ਡੀ. ਵਿੱਤ ਮੰਤਰੀ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ ।
