post

Jasbeer Singh

(Chief Editor)

Patiala News

ਪੁੱਤਰ ਦੀ ਸਤਾਈ 80 ਸਾਲਾ ਬਜ਼ੁਰਗ ਮਾਤਾ ਇਨਸਾਫ ਲਈ ਖਾ ਰਹੀ ਦਰ ਦਰ ਦੀਆਂ ਠੋਕਰਾਂ

post-img

ਪੁੱਤਰ ਦੀ ਸਤਾਈ 80 ਸਾਲਾ ਬਜ਼ੁਰਗ ਮਾਤਾ ਇਨਸਾਫ ਲਈ ਖਾ ਰਹੀ ਦਰ ਦਰ ਦੀਆਂ ਠੋਕਰਾਂ -ਪੁਲਿਸ ਥਾਣੇ ਵਿੱਚ ਨਹੀਂ ਮਿਲ ਰਿਹਾ ਬਜ਼ੁਰਗ ਨੂੰ ਇਨਸਾਫ -ਡਾ. ਜਤਿੰਦਰ ਸਿੰਘ ਮੱਟੂ- ਨਾਭਾ 10 ਅਗਸਤ () : ਆਪਣੇ ਹੀ ਪੁੱਤ ਅਤੇ ਨੂੰਹ ਦੀ ਸਤਾਈ ਨਾਭਾ ਹਲਕੇ ਦੇ ਪਿੰਡ ਸੌਜਾ ਦੀ 80 ਸਾਲਾ ਬਜ਼ੁਰਗ ਮਾਤਾ ਜੋਗਿੰਦਰ ਕੌਰ ਪਿਛਲੇ ਕਈ ਮਹੀਨਿਆਂ ਤੋਂ ਇਨਸਾਫ ਲਈ ਥਾਣਾ ਸਦਰ ਨਾਭਾ ਦੇ ਚੱਕਰ ਕੱਟ ਰਹੀ ਹੈ ਪਰ ਲੰਮਾ ਸਮਾਂ ਬੀਤ ਜਾਣ ਬਾਅਦ ਵੀ ਬਜ਼ੁਰਗ ਨੂੰ ਇਨਸਾਫ ਨਹੀਂ ਮਿਲਿਆ। ਇਲਾਕੇ ਦੇ ਲੋਕ ਆਗੂ ਅਤੇ ਸਮਾਜ ਸੇਵੀ ਡਾ. ਜਤਿੰਦਰ ਸਿੰਘ ਮੱਟੂ ਨੇ ਬੇਵਸ ਤੇ ਲਾਚਾਰ 80 ਸਾਲਾ ਮਾਤਾ ਨੂੰ ਇਨਸਾਫ ਦਿਵਾਉਣ ਲਈ ਪੁਲਿਸ ਥਾਣਾ ਸਦਰ ਵੀ ਪਹੁੰਚ ਕੀਤੀ। ਕਈ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਪ੍ਰਸ਼ਾਸ਼ਨ ਬਜ਼ੁਰਗ ਮਾਤਾ ਨੂੰ ਇਨਸਾਫ ਨਹੀਂ ਦੇ ਸਕਿਆ। ਪੀੜਿਤ ਬਜ਼ੁਰਗ ਜੋਗਿੰਦਰ ਕੌਰ ਨੇ ਕਿਹਾ ਕਿ ਉਸਨੇ ਅਤੇ ਉਸਦੇ ਸਵ: ਪਤੀ ਨੇ ਮਿਹਨਤਾਂ ਦਿਹਾੜੀਆਂ ਕਰ ਕਰ ਕੇ ਆਪਣੇ ਰਹਿਣ ਲਈ ਇਕ ਛੋਟਾ ਜਿਹਾ ਘਰ ਬਣਾਇਆ। ਜਿਸ ਵਿਚੋਂ ਉਸਦੇ ਲੜਕੇ ਨੇ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪੁਲਿਸ ਦਾ ਕੰਮ ਬੇਇਨਸਾਫੀਆਂ ਖਿਲਾਫ ਇਨਸਾਫ ਦੇਣਾ ਹੈ ਪਰ 80 ਸਾਲ ਦੀ ਇਕ ਬਜ਼ੁਰਗ ਕਈ ਮਹੀਨਿਆਂ ਤੋਂ ਥਾਣਾ ਸਦਰ ਦੇ ਚੱਕਰ ਕੱਟ ਰਹੀ ਹੈ ,ਥਾਣਾ ਮੁੱਖੀ ਨੂੰ ਵੀ ਇਸ ਬਾਰੇ ਦੱਸਿਆ ਗਿਆ ਪਰ ਪੁਲਿਸ ਵਲੋਂ ਬਜ਼ੁਰਗ ਨੂੰ ਇਨਸਾਫ ਨਹੀਂ ਦਿੱਤਾ ਗਿਆ। ਜਦਕਿ ਭਾਰਤ ਸਰਕਾਰ ਨੇ ਮੇਨਟੀਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜਨ ਐਕਟ-2007 ਤੱਕ ਅਜਿਹੇ ਬਜ਼ੁਰਗਾਂ ਨੂੰ ਜੇਕਰ ਉਸਦੀ ਔਲਾਦ ਤੰਗ ਪਰੇਸ਼ਾਨ ਕਰਕੇ ਘਰੋਂ ਕੱਢ ਦਿੰਦੀ ਹੈ ਤਾਂ ਅਜਿਹੀ ਔਲਾਦ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਪ੍ਰਬੰਧ ਹੈ। ਇਥੇ ਹੀ ਨਹੀਂ ਇਸ ਐਕਟ ਤਹਿਤ ਪੁਲਿਸ ਥਾਣਾ ਕਿਸੇ ਵੀ ਮੁਲਾਜਮ ਦੀ ਡਿਊਟੀ ਤਾਇਦ ਕਰਦਾ ਹੈ ਜੋ ਹਰ ਰੋਜ਼ ਘਰ ਜਾ ਕੇ ਬਜ਼ੁਰਗ ਦਾ ਹਾਲ ਚਾਲ ਪੁੱਛੇ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਥਾਣਾ ਸਦਰ ਨਾਭਾ ਨੇ ਬਜ਼ੁਰਗ ਮਾਤਾ ਨੂੰ ਇਨਸਾਫ ਨਾ ਦਿੱਤਾ ਤਾਂ ਥਾਣਾ ਸਦਰ ਅੱਗੇ ਬਜ਼ੁਰਗ ਮਾਤਾ ਅਤੇ ਉਹ ਇਨਸਾਫ ਲਈ ਰੋਸ ਪ੍ਰਦਰਸ਼ਨ ਕਰਨਗੇ ਜਿਸਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ।

Related Post