
ਪੰਜਾਬੀ ਯੂਨੀਵਰਸਿਟੀ ਵਿਖੇ ਇੰਡੀਅਨ ਹਿਸਟਰੀ ਕਾਂਗਰਸ ਦਾ 83ਵਾਂ ਸੈਸ਼ਨ ਸਫਲਤਾਪੂਰਵਕ ਸੰਪੰਨ
- by Jasbeer Singh
- December 31, 2024

ਪੰਜਾਬੀ ਯੂਨੀਵਰਸਿਟੀ ਵਿਖੇ ਇੰਡੀਅਨ ਹਿਸਟਰੀ ਕਾਂਗਰਸ ਦਾ 83ਵਾਂ ਸੈਸ਼ਨ ਸਫਲਤਾਪੂਰਵਕ ਸੰਪੰਨ -1300 ਤੋਂ ਵੱਧ ਡੈਲੀਗੇਟਸ ਨੇ ਕੀਤੀ ਸ਼ਿਰਕਤ ਪਟਿਆਲਾ, 31 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ 'ਇੰਡੀਅਨ ਹਿਸਟਰੀ ਕਾਂਗਰਸ' ਦਾ 83ਵਾਂ ਸੈਸ਼ਨ ਬੀਤੀ ਰਾਤ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ । ਸਥਾਨਕ ਸਕੱਤਰ ਪ੍ਰੋ. ਮੁਹੰਮਦ ਇਦਰੀਸ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਸ਼ਨ ਦੌਰਾਨ ਪ੍ਰਮੁੱਖ ਇਤਿਹਾਸਕਾਰਾਂ, ਵਿਦਵਾਨਾਂ ਅਤੇ ਖੋਜੀਆਂ ਸਮੇਤ 1300 ਤੋਂ ਵੱਧ ਡੈਲੀਗੇਟਸ ਨੇ ਸ਼ਮੂਲੀਅਤ ਕੀਤੀ । ਉਨ੍ਹਾਂ ਦੱਸਿਆ ਕਿ ਇਹ ਸੈਸ਼ਨ ਪ੍ਰੋ. ਗੌਤਮ ਸੇਨਗੁਪਤਾ, ਜਨਰਲ ਪਰੈਜ਼ੀਡੈਂਟ, ਇੰਡੀਅਨ ਹਿਸਟਰੀ ਕਾਂਗਰਸ ਅਤੇ ਸਕੱਤਰ ਪ੍ਰੋ. ਨਦੀਮ ਅਲੀ ਰਿਜ਼ਵੀ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਸੈਸ਼ਨ ਦੌਰਾਨ ਪ੍ਰੋ. ਯੋਗੇਸ਼ ਸਨੇਹੀ ਵੱਲੋਂ 'ਮਿਸ਼ਰਾ ਮੈਮੋਰੀਅਲ ਲੈਕਚਰ' ਦਿੱਤਾ ਗਿਆ । ਉਨ੍ਹਾਂ ਆਪਣੇ ਇਸ ਵਿਸ਼ੇਸ਼ ਭਾਸ਼ਣ ਦੌਰਾਨ ਪੰਜਾਬ ਵਿਚਲੇ ਸੂਫੀਆਂ ਨਾਲ਼ ਸੰਬੰਧਤ ਸਥਾਨਾਂ ਦੀ ਸੱਭਿਆਚਾਰਕ ਮਹੱਤਤਾ ਬਾਰੇ ਚਰਚਾ ਕੀਤੀ । ਪ੍ਰੋ. ਇਦਰੀਸ ਨੇ ਦੱਸਿਆ ਕਿ ਪ੍ਰੋਫੈਸਰ ਇਰਫਾਨ ਹਬੀਬ ਨੇ ਪੰਜਾਬ ਦੇ ਲੰਬੇ ਇਤਿਹਾਸ ਦੀ ਪੜਚੋਲ ਕਰਦੇ ਹੋਏ ਆਨਲਾਈਨ ਵਿਧੀ ਰਾਹੀਂ ਮੁੱਖ ਭਾਸ਼ਣ ਦਿੱਤਾ । ਇਸੇ ਤਰ੍ਹਾਂ ਪ੍ਰੋਫੈਸਰ ਇੰਦੂ ਬੰਗਾ ਸਮੇਤ ਕਈ ਪ੍ਰਮੁੱਖ ਇਤਿਹਾਸਕਾਰਾਂ ਨੇ ਵੀ ਪੰਜਾਬ ਦੇ ਅਤੀਤ ਅਤੇ ਵਰਤਮਾਨ ਬਾਰੇ ਪੈਨਲ ਵਿੱਚ ਮਹੱਤਵਪੂਰਨ ਨੁਕਤੇ ਸਾਹਮਣੇ ਲਿਆਂਦੇ। ਵੱਖ-ਵੱਖ ਥਾਵਾਂ ਉੱਤੇ ਚੱਲੇ ਸਮਾਨਾਂਤਰ ਸੈਸ਼ਨਾਂ ਦੌਰਾਨ ਪੰਜਾਬ ਵਿੱਚ ਸੈਟਲਮੈਂਟ ਪੈਟਰਨ, ਸਮਾਜਿਕ-ਧਾਰਮਿਕ ਸੁਧਾਰਾਂ ਵਿੱਚ ਨਾਮਧਾਰੀ ਸਿੱਖਾਂ ਦੀ ਭੂਮਿਕਾ, ਅਤੇ ਗਜ਼ਨਵੀ ਕਾਲ ਦੌਰਾਨ ਪੰਜਾਬ ਦਾ ਇਤਿਹਾਸਕ ਭੂਗੋਲ ਵਰਗੇ ਵਿਸ਼ਿਆਂ ਉੱਤੇ ਖੋਜ ਪੱਤਰ ਪੇਸ਼ ਹੋਏ ਅਤੇ ਵਿਚਾਰ ਚਰਚਾਵਾਂ ਹੋਈਆਂ । ਉਨ੍ਹਾਂ ਦੱਸਿਆ ਕਿ ਇਤਿਹਾਸਕ ਖੋਜ ਵਿੱਚ ਕਲਾਤਮਕ ਪ੍ਰਤੀਨਿਧਤਾਵਾਂ ਦੀ ਵਰਤੋਂ ਬਾਰੇ ਇੱਕ ਵਿਸ਼ੇਸ਼ ਸਿੰਪੋਜ਼ੀਅਮ ਦਾ ਆਯੋਜਨ ਕੀਤਾ ਗਿਆ, ਜਿੱਥੇ ਵਿਦਵਾਨਾਂ ਨੇ ਇਤਿਹਾਸ ਦੇ ਪੁਨਰ ਨਿਰਮਾਣ ਵਿੱਚ ਮੂਰਤੀਆਂ, ਲਘੂ ਚਿੱਤਰਾਂ ਅਤੇ ਕਾਰਟੂਨਾਂ ਦੀ ਭੂਮਿਕਾ ਬਾਰੇ ਚਰਚਾ ਕਰਦੇ ਪੇਪਰ ਪੇਸ਼ ਕੀਤੇ। ਸਿੰਪੋਜ਼ੀਅਮ ਦੇ ਬੁਲਾਰਿਆਂ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਸੀਮਾ ਬਾਵਾ, ਪੱਛਮੀ ਬੰਗਾਲ ਸਟੇਟ ਯੂਨੀਵਰਸਿਟੀ ਤੋਂ ਪ੍ਰੋਫੈਸਰ ਉਰਵੀ ਮੁਖੋਪਾਧਿਆਏ ਅਤੇ ਡਾ. ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਤੋਂ ਅੰਜਲੀ ਦੁਹਾਨ ਨੇ ਥੀਮ ਨਾਲ ਸਬੰਧਤ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ। ਪ੍ਰੋ. ਇਦਰੀਸ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਪੈਨਲਾਂ ਦੇ ਸਮਾਪਤੀ ਭਾਸ਼ਣ ਉੱਘੇ ਵਿਦਵਾਨਾਂ ਵੱਲੋਂ ਦਿੱਤੇ ਗਏ, ਜਿਨ੍ਹਾਂ ਵਿੱਚ ਪ੍ਰੋਫੈਸਰ ਕੇ. ਐੱਲ. ਟੁਟੇਜਾ ਅਤੇ ਪ੍ਰੋਫੈਸਰ ਰਾਜਸ਼ੇਖਰ ਬਾਸੂ ਨੇ ਸਬੰਧਤ ਪੈਨਲਾਂ ਵਿਚ ਹੋਈ ਵਿਚਾਰ-ਵਟਾਂਦਰੇ ਤੋਂ ਪ੍ਰਾਪਤ ਮੁੱਖ ਨੁਕਤਿਆਂ ਨੂੰ ਉਜਾਗਰ ਕੀਤਾ । ਉਨ੍ਹਾਂ ਦੱਸਿਆ ਕਿ ਅੰਤਿਮ ਦਿਨ, ਇੱਕ ਬਿਜ਼ਨਿਸਮੀਟਿੰਗ ਹੋਈ, ਜਿਸ ਦੌਰਾਨ ਭਾਰਤੀ ਇਤਿਹਾਸ ਕਾਂਗਰਸ ਦੇ 84ਵੇਂ ਸੈਸ਼ਨ ਲਈ ਨਵੇਂ ਪ੍ਰਧਾਨ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ, ਇੰਡੀਅਨ ਹਿਸਟਰੀ ਕਾਂਗਰਸ ਦੀ ਵਿੱਤੀ ਰਿਪੋਰਟ ਵੀ ਪੇਸ਼ ਕੀਤੀ ਗਈ, ਅਤੇ ਨਵੇਂ ਕਾਰਜਕਾਰਨੀ ਮੈਂਬਰਾਂ ਨੂੰ ਪੇਸ਼ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.