post

Jasbeer Singh

(Chief Editor)

National

ਕੰਨੜ ਅਦਾਕਾਰ ਨੂੰ ਜੇਲ੍ਹ ਵਿੱਚ ਖ਼ਾਸ ਸਹੂਲਤਾਂ ਦੇਣ ’ਤੇ 9 ਅਧਿਕਾਰੀ ਮੁਅੱਤਲ

post-img

ਕੰਨੜ ਅਦਾਕਾਰ ਨੂੰ ਜੇਲ੍ਹ ਵਿੱਚ ਖ਼ਾਸ ਸਹੂਲਤਾਂ ਦੇਣ ’ਤੇ 9 ਅਧਿਕਾਰੀ ਮੁਅੱਤਲ ਬੰਗਲੂਰੂ : ਕੰਨੜ ਅਦਾਕਾਰ ਦਰਸ਼ਨ ਥੁਗੂਦੀਪਾ ਨੂੰ ਜੇਲ੍ਹ ’ਚ ਵਿਸ਼ੇਸ਼ ਸਹੂਲਤਾਂ ਦੇਣ ’ਤੇ ਸਰਕਾਰ ਨੇ ਮੁੱਖ ਜੇਲ੍ਹ ਸੁਪਰਡੈਂਟ ਵੀ ਸੇਸ਼ੂਮੂਰਤੀ ਅਤੇ ਜੇਲ੍ਹ ਸੁਪਰਡੈਂਟ ਮਲਿਕਾਰਜੁਨ ਸਵਾਮੀ ਸਮੇਤ 9 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਦਰਸ਼ਨ ਇਸ ਸਮੇਂ ਰੇਣੂਕਾਸਵਾਮੀ ਹੱਤਿਆ ਕੇਸ ’ਚ ਅਦਾਲਤੀ ਹਿਰਾਸਤ ਤਹਿਤ ਜੇਲ੍ਹ ’ਚ ਬੰਦ ਹੈ। ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਅਦਾਕਾਰ ਦੀ ਪਾਰਅਪੱਣਾ ਅਗਰਹਾਰਾ ਕੇਂਦਰੀ ਜੇਲ੍ਹ ’ਚ ਸਿਗਰਟਨੋਸ਼ੀ ਕਰਨ ਅਤੇ ਕੌਫ਼ੀ ਪੀਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਸਨ। ਤਸਵੀਰ ’ਚ ਦਰਸ਼ਨ ਜੇਲ੍ਹ ਅਹਾਤੇ ਦੇ ਇਕ ਲਾਅਨ ’ਚ ਦੋ ਗੈਂਗਸਟਰਾਂ ਸਮੇਤ ਤਿੰਨ ਵਿਅਕਤੀਆਂ ਨਾਲ ਕੁਰਸੀਆਂ ’ਤੇ ਬੈਠਾ ਦਿਖਾਈ ਦੇ ਰਿਹਾ ਹੈ। ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਅੱਤਲ ਕੀਤੇ ਗਏ ਅਧਿਕਾਰੀਆਂ ’ਚ ਜੇਲ੍ਹਰ ਸ਼ਰਨ ਬਾਸੱਪਾ ਅਮਿਨਗਡ ਤੇ ਪ੍ਰਭੂ ਐੱਸ ਖੰਡੇਲਵਾਲ, ਸਹਾਇਕ ਜੇਲ੍ਹਰ ਐੱਲਐੱਸ ਕੁੱਪੇਸਵਾਮੀ, ਸ੍ਰੀਕਾਂਤ ਤਲਵਾਰ, ਹੈੱਡ ਵਾਰਡਰ ਵੈਂਕੱਪਾ, ਸੰਪਤ ਕੁਮਾਰ ਅਤੇ ਵਾਰਡਰ ਕੇ ਬਾਸੱਪਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇ ਹੋਰ ਅਧਿਕਾਰੀਆਂ ਦੀ ਵੀ ਇਸ ਮਾਮਲੇ ’ਚ ਸ਼ਮੂਲੀਅਤ ਮਿਲੀ ਤਾਂ ਉਨ੍ਹਾਂ ਨੂੰ ਜਾਂ ਤਾਂ ਮੁਅੱਤਲ ਜਾਂ ਸੇਵਾ ਤੋਂ ਬਰਖ਼ਾਸਤ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਅਦਾਕਾਰ ਨੂੰ ਸਿਗਰਟ, ਚਾਹ ਅਤੇ ਕੁਰਸੀਆਂ ਕਿਸ ਨੇ ਦਿੱਤੀਆਂ ਸਨ। ਪਰਮੇਸ਼ਵਰ ਨੇ ਕਿਹਾ ਕਿ ਦਰਸ਼ਨ ਖ਼ਿਲਾਫ਼ ਤਿੰਨ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ।ਉਧਰ ਮੁੱਖ ਮੰਤਰੀ ਸਿੱਧਾਰਮੱਈਆ ਨੇ ਬੇਲਗਾਵੀ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਮੰਨਿਆ ਕਿ ਜੇਲ੍ਹ ਅਧਿਕਾਰੀਆਂ ਨੇ ਕੋਤਾਹੀ ਕੀਤੀ ਹੈ। ਉਨ੍ਹਾਂ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੂੰ ਜੇਲ੍ਹ ਦਾ ਦੌਰਾ ਕਰਕੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ।

Related Post