

ਪਿੰਡ ਸੇਹਰਾ ਵਿੱਚ ਲੰਘੇ ਦਿਨ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਹੋਈ ਮੌਤ ਸਬੰਧੀ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਖੇੜੀ ਗੰਡਿਆਂ ਵਿੱਚ ਇਹ ਕੇਸ ਦਰਜ ਕੀਤਾ ਗਿਆ ਹੈ। ਉੱਧਰ, ਹਰਵਿੰਦਰ ਸਿੰਘ ਹਰਪਾਲਪੁਰ ਨੇ ਇਸ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਨਾ ਹੀ ਸੁਰਿੰਦਰਪਾਲ ਆਕੜੀ ਉਸ ਦੇ ਨੇੜੇ ਲੱਗਿਆ ਤੇ ਨਾ ਹੀ ਉਸ ਨੇ ਆਕੜੀ ਨੂੰ ਧੱਕਾ ਮਾਰਿਆ ਹੈ ਬਲਕਿ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਾਂ ਤਾਂ ਉਸ ਨੂੰ ਦਿਲ ਦਾ ਦੌਰਾ ਪਿਆ ਹੈ ਜਾਂ ਫਿਰ ਮਿਰਗੀ ਦਾ ਦੌਰਾ ਪਿਆ, ਜੋ ਉਸ ਦੀ ਮੌਤ ਦਾ ਕਾਰਨ ਬਣਿਆ। ਯਾਦ ਰਹੇ ਕਿ ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਪਿੰਡ ਸੇਹਰਾ ਵਿੱਚ ਪ੍ਰਚਾਰ ਕਰਨ ਆਏ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖ਼ਿਲਾਫ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ।