ਫਰੀਦਪੁਰ ਥਾਣਾ ਕੋਤਵਾਲੀ ਦੇ ਇੰਸਪੈਕਟਰ ਰਾਮਸੇਵਕ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ
- by Jasbeer Singh
- August 23, 2024
ਫਰੀਦਪੁਰ ਥਾਣਾ ਕੋਤਵਾਲੀ ਦੇ ਇੰਸਪੈਕਟਰ ਰਾਮਸੇਵਕ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਉੱਤਰ ਪ੍ਰਦੇਸ਼ ਦੇ ਬਰੇਲੀ ਜਿ਼ਲ੍ਹੇ ਵਿੱਚ ਫਰੀਦਪੁਰ ਕੋਤਵਾਲੀ ਥਾਣੇ ਦੇ ਇੰਸਪੈਕਟਰ ਰਾਮ ਸੇਵਕ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਰਿਸ਼ਵਤਖੋਰ ਇੰਸਪੈਕਟਰ 500-500 ਰੁਪਏ ਦੇ ਨੋਟਾਂ ਦੇ ਬੰਡਲ `ਤੇ ਸੌਂਦਾ ਸੀ ਤੇ 300 ਗ੍ਰਾਮ ਸਮੈਕ ਸਮੇਤ ਫੜੇ ਗਏ ਤਸਕਰ ਨੂੰ 7 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਦੀ ਸੂਚਨਾ `ਤੇ ਆਈ. ਪੀ. ਐੱਸ ਮਾਨੁਸ਼ ਪਾਰੀਕ ਨੇ ਫਰੀਦਪੁਰ ਥਾਣੇ `ਚ ਛਾਪਾ ਮਾਰਿਆ ਸੀ, ਜਿਸ ਤੇ ਇੰਸਪੈਕਟਰ ਥਾਣੇ ਦੀ ਕੰਧ ਟੱਪ ਕੇ ਫ਼ਰਾਰ ਹੋ ਗਿਆ। ਦੱਸਣਯੋਗ ਹੈ ਕਿ ਪੁਲਸ ਨੇ ਇੰਸਪੈਕਟਰ ਦੇ ਘਰੋਂ 984500 ਰੁਪਏ ਬਰਾਮਦ ਕੀਤੇ ਹਨ। ਸੀਓ ਫਰੀਦਪੁਰ ਦੀ ਤਰਫੋਂ ਇੰਸਪੈਕਟਰ ਦੇ ਖ਼ਿਲਾਫ਼ ਥਾਣਾ ਕੋਤਵਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸ.ਐੱਸ.ਪੀ ਅਨੁਰਾਗ ਆਰੀਆ ਨੇ ਭ੍ਰਿਸ਼ਟਾਚਾਰ ਦੇ ਦੋਸ਼ੀ ਇੰਸਪੈਕਟਰ ਰਾਮਸੇਵਕ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਉਸ ਦੀ ਗ੍ਰਿਫ਼ਤਾਰੀ ਲਈ ਪੁਲਸ ਟੀਮਾਂ ਬਣਾਈਆਂ ਗਈਆਂ ਹਨ। ਐੱਸਐੱਸਪੀ ਅਨੁਰਾਗ ਆਰੀਆ ਦੇ ਨਿਰਦੇਸ਼ਾਂ `ਤੇ ਐੱਸਪੀ ਸਾਊਥ ਮਾਨੁਸ਼ ਪਾਰੀਕ ਵੀਰਵਾਰ ਸਵੇਰੇ 10.30 ਵਜੇ ਥਾਣੇ ਗਏ। ਉਨ੍ਹਾਂ ਨੇ ਸੀਓ ਫਰੀਦਪੁਰ ਗੌਰਵ ਸਿੰਘ ਨੂੰ ਉਥੇ ਬੁਲਾਇਆ। ਜਿਵੇਂ ਹੀ ਉਹ ਥਾਣੇ ਪਹੁੰਚਿਆ ਤਾਂ ਇੰਸਪੈਕਟਰ ਫਰੀਦਪੁਰ ਰਾਮਸੇਵਕ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਥਾਣੇ ਦੀ ਕੰਧ ਟੱਪ ਭੱਜ ਗਿਆ। ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਫ਼ਰਾਰ ਹੋ ਗਿਆ ਹੈ। ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਐੱਸਪੀ ਦੱਖਣੀ ਨੇ ਥਾਣੇ ਅਤੇ ਤਾਲਾਬੰਦੀ ਦਾ ਰਿਕਾਰਡ ਚੈੱਕ ਕੀਤਾ। ਪੁਲਿਸ ਵਾਲਿਆਂ ਤੋਂ ਪੁੱਛਗਿੱਛ ਕੀਤੀ।

