post

Jasbeer Singh

(Chief Editor)

Patiala News

'ਇਕ ਦਿਨ ਡੀ.ਸੀ ਦੇ ਸੰਗ': 10ਵੀਂ ਜਮਾਤ ਦੀਆਂ ਮੈਰਿਟ 'ਚ ਆਈਆਂ 3 ਵਿਦਿਆਰਥਣਾਂ ਦੇ ਸੁਪਨਿਆਂ ਨੂੰ ਮਿਲੇ ਖੰਭ

post-img

'ਇਕ ਦਿਨ ਡੀ.ਸੀ ਦੇ ਸੰਗ': 10ਵੀਂ ਜਮਾਤ ਦੀਆਂ ਮੈਰਿਟ 'ਚ ਆਈਆਂ 3 ਵਿਦਿਆਰਥਣਾਂ ਦੇ ਸੁਪਨਿਆਂ ਨੂੰ ਮਿਲੇ ਖੰਭ -ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਸੰਗ ਗੁਜ਼ਾਰਿਆ ਦਿਨ, ਡੀ.ਸੀ. ਨੇ ਸਫ਼ਲ ਜਿੰਦਗੀ ਲਈ ਸਾਂਝੇ ਕੀਤੇ ਤਜ਼ਰਬੇ -ਦਫ਼ਤਰੀ ਫਾਇਲਾਂ ਤੇ ਕੋਰਟ ਕੇਸਾਂ ਦਾ ਨਿਪਟਾਰਾ, ਲੋਕਾਂ ਨੂੰ ਮਿਲਣ, ਅਧਿਕਾਰੀਆਂ ਨਾਲ ਬੈਠਕਾਂ ਕਰਨ ਸਮੇਤ ਡਿਪਟੀ ਕਮਿਸ਼ਨਰ ਨਾਲ ਦੁਪਿਹਰ ਦਾ ਖਾਧਾ ਖਾਣ -ਡਾ. ਪ੍ਰੀਤੀ ਯਾਦਵ ਨੇ ਬੱਚਿਆਂ ਨੂੰ ਕਰੜੀ ਮਿਹਨਤ ਕਰਨ ਤੇ ਕਦੇ ਵੀ ਹਾਰ ਨਾ ਮੰਨਣ ਦਾ ਗੁਰ ਮੰਤਰ ਦਿੱਤਾ ਪਟਿਆਲਾ, 27 ਮਈ: ਪਟਿਆਲਾ ਜ਼ਿਲ੍ਹੇ ਦੀਆਂ ਸਰਕਾਰੀ ਸਕੂਲਾਂ ਦੀ 10ਵੀਂ ਜਮਾਤ ਦੇ ਨਤੀਜਿਆਂ ਵਿਚ ਮੈਰਿਟ ਵਿਚ ਆਉਣ ਵਾਲੀਆਂ 3 ਵਿਦਿਆਰਥਣਾਂ ਲਈ ਅੱਜ ਦਾ ਦਿਨ ਯਾਦਗਾਰੀ ਹੋ ਨਿਬੜਿਆ ਜਦ ਉਨ੍ਹਾਂ ਦੇ ਸੁਪਨਿਆਂ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਸੁਚੱਜੀ ਅਗਵਾਈ ਨੇ ਖੰਭ ਲਾ ਦਿੱਤੇ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਪ੍ਰੋਗਰਾਮ 'ਇਕ ਦਿਨ ਡੀ.ਸੀ. ਤੇ ਐਸ.ਐਸ.ਪੀ. ਸੰਗ' ਪ੍ਰੋਗਰਾਮ ਤਹਿਤ ਜਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂ ਦੀ 97.69 ਫੀਸਦੀ ਨੰਬਰ ਲੈਣ ਵਾਲੀ ਮਹਿਕਪ੍ਰੀਤ ਕੌਰ, ਸਕੂਲ ਆਫ਼ ਐਮੀਨੈਂਸ ਫੀਲਖਾਨਾ ਦੀ 97.38 ਫੀਸਦੀ ਨੰਬਰ ਲੈਣ ਵਾਲੀ ਸਿਮਰਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਦੀ ਅਮਨਪ੍ਰੀਤ ਕੌਰ ਨੇ ਆਪਣਾ ਸਮਾਂ ਡਿਪਟੀ ਕਮਿਸ਼ਨਰ ਦੇ ਨਾਲ ਰਹਿਕੇ ਦਫਤਰੀ ਕੰਮਕਾਜ ਨੂੰ ਨੇੜੇ ਤੋਂ ਦੇਖਿਆ। ਇਨ੍ਹਾਂ ਬੱਚਿਆਂ ਨੇ ਕਿਹਾ ਕਿ, ''ਉਹ ਅੱਜ ਤੱਕ ਤਾਂ ਕੇਵਲ ਆਪਣੇ ਘਰ ਤੋਂ ਸਕੂਲ ਤੱਕ ਦਾ ਹੀ ਰਾਸਤਾ ਜਾਣਦੇ ਸਨ, ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਨਾਲ ਬੈਠਕੇ ਦਫ਼ਤਰ ਦੇ ਕੰਮਕਾਜ ਵੇਖਣ, ਲੋਕਾਂ ਦੇ ਮਸਲੇ ਸੁਣਨ ਤੇ ਇਨ੍ਹਾਂ ਦੇ ਹੱਲ ਕਰਨ, ਅਧਿਕਾਰੀਆਂ ਨਾਲ ਬੈਠਕਾਂ ਤੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਅਦਾਲਤ ਦੀ ਕਾਰਵਾਈ ਦੀ ਵਿਧੀ ਬਾਰੇ ਜਾਨਣ ਦਾ ਅਹਿਮ ਮੌਕਾ ਮਿਲਿਆ ਹੈ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਕਿ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਧਿਕਾਰੀ, ਡਿਪਟੀ ਕਮਿਸ਼ਨਰ ਨਾਲ ਬੈਠਕੇ ਦੁਪਹਿਰ ਦਾ ਖਾਣਾ ਉਨ੍ਹਾਂ ਲਈ ਯਾਦਗਾਰੀ ਬਣ ਗਿਆ ਹੈ, ਕਿਉਂਕਿ ਡਿਪਟੀ ਕਮਿਸ਼ਨਰ ਨੇ ਖ਼ੁਦ ਉਨ੍ਹਾਂ ਨੂੰ ਖਾਣਾ ਪਰੋਸਿਆ।'' ਡਿਪਟੀ ਕਮਿਸ਼ਨਰ ਨੇ ਕਿਹਾ ਕਿ 'ਇਸ ਪ੍ਰੋਗਰਾਮ ਦਾ ਮਕਸਦ ਲਾਇਕ ਬੱਚਿਆਂ ਨੂੰ ਉਨ੍ਹਾਂ ਦੇ ਸੁਪਨੇ ਦੀ ਪੂਰਤੀ ਲਈ ਅਗਵਾਈ ਦੇਣਾ ਹੈ'। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਿੱਚੋਂ ਇੱਕ ਬੱਚੀ ਚਾਰਟਡ ਅਕਾਊਂਟੈਂਟ ਤੇ ਦੋ ਬੱਚੀਆਂ ਡਾਕਟਰ ਬਣਨਾ ਚਾਹੁੰਦੀਆਂ ਹਨ, ਜਿਸ ਲਈ ਉਨ੍ਹਾਂ ਨੂੰ ਅਗਵਾਈ ਦਿੱਤੀ ਗਈ ਹੈ। ਵਿਦਿਆਰਥਣਾਂ ਨੇ ਡਿਪਟੀ ਕਮਿਸ਼ਨਰ ਕੋਲੋਂ ਇਸ ਮੁਕਾਮ ਤੱਕ ਪੁੱਜਣ ਦੇ ਰਾਸਤੇ ਵਿਚ ਆਈਆਂ ਔਕੜਾਂ ਬਾਰੇ ਸਵਾਲ ਕੀਤੇ ਤੇ ਡਾ. ਪ੍ਰੀਤੀ ਯਾਦਵ ਨੇ ਵਿਸਥਾਰ ਵਿਚ ਆਪਣਾ ਤਜ਼ਰਬਾ ਸਾਂਝਾ ਕੀਤਾ। ਡਾ. ਪ੍ਰੀਤੀ ਯਾਦਵ ਨੇ ਆਪਣਾ ਯੂ.ਪੀ.ਐਸ.ਸੀ. ਟੈਸਟ ਪਾਸ ਕਰਨ ਦਾ ਸਫ਼ਰ ਸਾਂਝਾ ਕਰਦਿਆਂ ਬੱਚਿਆਂ ਨੂੰ ਕਰੜੀ ਮਿਹਨਤ ਕਰਨ ਤੇ ਕਦੇ ਵੀ ਹਾਰ ਨਾ ਮੰਨਣ ਦਾ ਗੁਰ ਮੰਤਰ ਦਿੱਤਾ। ਇਨ੍ਹਾਂ ਬੱਚਿਆਂ ਨੇ ਆਪਣਾ ਅੱਜ ਦਾ ਤਜ਼ੁਰਬਾ ਸਾਂਝਾ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਜਿਲ੍ਹੇ ਦੇ ਡੀ.ਸੀ. ਨਾਲ ਰਹਿਕੇ ਇਹ ਮਹਿਸੂਸ ਹੋਇਆ ਹੈ ਕਿ ਕਿਸੇ ਵੀ ਮੁਕਾਮ 'ਤੇ ਪਹੁੰਚਣ ਲਈ ਬਹੁਤ ਮਿਹਨਤ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਉਡਾਣ ਮਿਲੀ ਹੈ ਤੇ ਉਹ ਹਰ ਚੁਣੌਤੀ ਨੂੰ ਪਾਰ ਕਰਕੇ ਡਾਕਟਰ ਤੇ ਚਾਰਟਡ ਅਕਾਉਟੈਂਟ ਬਣਨਗੀਆਂ।ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਨੂੰ ਕਿਤਾਬਾਂ ਨਾਲ ਸਨਮਾਨਿਤ ਕੀਤਾ।ਇਸ ਮੌਕੇ ਬੱਚਿਆਂ ਦੇ ਮਾਪੇ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਪਾਲ ਸਿੰਘ ਸਮੇਤ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਵੀ ਮੌਜੂਦ ਸਨ।

Related Post