
ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਲੇਖਕ ਅਤੇ ਪੌਡਕਾਸਟਰ ਸਰਬਪ੍ਰੀਤ ਸਿੰਘ ਦਾ ਰੂ-ਬ-ਰੂ ਕਰਵਾਇਆ
- by Jasbeer Singh
- October 23, 2024

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਲੇਖਕ ਅਤੇ ਪੌਡਕਾਸਟਰ ਸਰਬਪ੍ਰੀਤ ਸਿੰਘ ਦਾ ਰੂ-ਬ-ਰੂ ਕਰਵਾਇਆ ਪਟਿਆਲਾ, 23 ਅਕਤੂਬਰ : ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਲੇਖਕ, ਪੌਡਕਾਸਟਰ ਅਤੇ ਟਿੱਪਣੀਕਾਰ ਸ੍ਰ. ਸਰਬਪ੍ਰੀਤ ਸਿੰਘ ਦਾ ਰੂ-ਬ-ਰੂ ਕਰਵਾਇਆ ਗਿਆ। ਨਾਰੀ ਅਧਿਐਨ ਕੇਂਦਰ, ਮਨੋਵਿਗਿਆਨ ਵਿਭਾਗ ਅਤੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਸਰਬਪ੍ਰੀਤ ਸਿੰਘ ਨੇ ਕਹਾਣੀ ਲਿਖਣ ਦੇ ਆਪਣੇ ਸਫ਼ਰ ਨੂੰ ਨਿੱਜੀ ਕਿੱਸਿਆਂ ਰਾਹੀਂ ਬਿਆਨਿਆ । ਲੇਖਣੀ ਨਾਲ਼ ਜੁੜਨ ਸੰਬੰਧੀ ਬਣੇ ਸਬੱਬਾਂ ਅਤੇ ਇਸ ਰਸਤੇ ਉੱਤੇ ਚਲਦਿਆਂ ਹੰਢਾਏ ਅਨੁਭਵਾਂ ਬਾਰੇ ਬਿਆਨ ਕਰਦਿਆਂ ਉਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅੰਦਰ ਦਾ ਜਨੂੰਨ ਖੋਜਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਗੁਰਮਤਿ ਗਿਆਨ, ਸਿੱਖ ਸਾਹਿਤ ਅਤੇ ਇਤਿਹਾਸ ਦੇ ਵਿਸ਼ਾਲ ਗਿਆਨ ਭਰਪੂਰ ਹਵਾਲੇ ਦਿੰਦਿਆਂ ਸਰੋਤਿਆਂ ਨਾਲ ਵਿਚਾਰਾਂ ਦਾ ਸਾਰਥਕ ਅਦਾਨ-ਪ੍ਰਦਾਨ ਕੀਤਾ । ਆਪਣੀ ਗੱਲਬਾਤ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਬਾਬਰਨਾਮੇ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਹਿਤਕ ਰਚਨਾਵਾਂ ਤੱਕ ਸਿੱਖ ਗੁਰੂਆਂ ਦੀਆਂ ਮਹਾਨ ਰਚਨਾਵਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਸਮਕਾਲੀ ਸਮੇਂ ਵਿੱਚ ਸੱਚ ਲਈ ਖੜ੍ਹੇ ਹੋਣ ਅਤੇ ਬਰਾਬਰੀ ਲਈ ਯਤਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖਤਾ ਅਤੇ ਭਾਈਚਾਰਕ ਸਾਂਝ ਦੀ ਸ਼ਕਤੀ ਹੀ ਮਨੁੱਖਤਾ ਨੂੰ ਦਰਪੇਸ਼ ਕਿਸੇ ਵੀ ਅੱਤਿਆਚਾਰ ਦਾ ਟਾਕਰਾ ਕਰ ਸਕਦੀ ਹੈ । ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਪ੍ਰੋ. ਹਰਪ੍ਰੀਤ ਕੌਰ, ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨਜੀਤ ਕੌਰ ਸੰਧੂ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਪ੍ਰੋ. ਰਾਜਬੰਸ ਸਿੰਘ ਗਿੱਲ ਵੱਲੋਂ ਵੀ ਇਸ ਮੌਕੇ ਸੰਬੋਧਨ ਕੀਤਾ ਗਿਆ । ਇਸ ਪ੍ਰੋਗਰਾਮ ਦੇ ਆਯੋਜਨ ਵਿੱਚ ਯੋਗਦਾਨ ਪਾਉਣ ਵਾਲ਼ੇ ਹੋਰ ਫੈਕਲਟੀ ਮੈਂਬਰਾਂ ਵਿਚ ਪ੍ਰੋ. ਹਰਦੀਪ ਕੌਰ, ਡਾ. ਇੰਦਰਪ੍ਰੀਤ ਸੰਧੂ, ਡਾ. ਸੁਖਮਿੰਦਰ ਕੌਰ ਅਤੇ ਡਾ. ਤਾਰਿਕਾ ਸੰਧੂ ਸ਼ਾਮਿਲ ਰਹੇ ।