post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਕੈੰਪਸ ਦੇ ਗੁਰੂਦੁਆਰਾ ਸਾਹਿਬ ਵਿਖੇ ਕਰਵਾਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ

post-img

ਪੰਜਾਬੀ ਯੂਨੀਵਰਸਿਟੀ ਕੈੰਪਸ ਦੇ ਗੁਰੂਦੁਆਰਾ ਸਾਹਿਬ ਵਿਖੇ ਕਰਵਾਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮ ਸੰਸਾਰ ਦੇ ਇਤਿਹਾਸ ਵਿੱਚ ਇਹ ਸਿੱਖਾਂ ਦੇ ਹਿੱਸੇ ਹੀ ਆਇਆ ਕਿ ਕਿਸੇ ਹੋਰ ਦੇ ਅਕੀਦਿਆਂ ਲਈ ਅਦੁੱਤੀ ਸ਼ਹਾਦਤ ਸਾਡੇ ਗੁਰੂ ਸਾਹਿਬ ਨੇ ਦਿੱਤੀ:ਸ੍ਰ. ਕੁਲਤਾਰ ਸਿੰਘ ਸੰਧਵਾਂ* ਗੁਰੂ ਸਾਹਿਬ ਨੇ ਸਾਨੂੰ ਸੇਵਾ, ਸਬਰ, ਸਹਿਜ, ਸੰਤੋਖ ਅਤੇ ਸ਼ਹਾਦਤ ਦੇ ਰਸਤੇ ਉੱਤੇ ਚਲਦਿਆਂ ਜੀਵਨ ਦੇ ਅਰਥ ਸਮਝਾਏ: ਡਾ. ਜਗਦੀਪ ਸਿੰਘ* ਪਟਿਆਲਾ, 14 ਅਗਸਤ 2025 : ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਅੱਜ ਦੇ ਯੁਵਕ ਭਲਾਈ ਵਿਭਾਗ ਵੱਲੋਂ ਕੈੰਪਸ ਦੇ ਗੁਰੂਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ । ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਉਚੇਚੇ ਤੌਰ ਉੱਤੇ ਸ਼ਿਰਕਤ ਕੀਤੀ । ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਨਿਵੇਦਿਤਾ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਰਚਿਤ ਗੁਰਬਾਣੀ ਦਾ ਕੀਰਤਨ ਕੀਤਾ। ਉਨ੍ਹਾਂ ਦੁਆਰਾ ਜੈਜਵੰਤੀ ਰਾਗ ਵਿੱਚ ਗੁਰੂ ਸਾਹਿਬ ਦੀ ਬਾਣੀ ਦੇ ਕੀਰਤਨ ਨਾਲ਼ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿੱਖੀ ਦੁਨੀਆਂ ਦਾ ਇੱਕ ਵੱਖਰਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਡਭਾਗੇ ਹਾਂ ਕਿ ਸਮੁੱਚੇ ਸੰਸਾਰ ਦੇ ਇਤਿਹਾਸ ਵਿੱਚ ਇਹ ਸਿੱਖਾਂ ਦੇ ਹਿੱਸੇ ਹੀ ਆਇਆ ਕਿ ਕਿਸੇ ਹੋਰ ਦੇ ਅਕੀਦਿਆਂ ਲਈ ਇਸ ਤਰ੍ਹਾਂ ਦੀ ਅਦੁੱਤੀ ਸ਼ਹਾਦਤ ਸਾਡੇ ਗੁਰੂ ਸਾਹਿਬ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਵੇਖ ਸਕਦੇ ਹਾਂ ਕਿ ਕਦੇ ਵੀ ਮਕਤੂਲ ਆਪ ਚੱਲ ਕੇ ਕਾਤਿਲ ਕੋਲ਼ ਜਾਂਦਾ ਨਹੀਂ ਵੇਖਿਆ ਗਿਆ। ਉਹ ਵੀ ਕਿਸੇ ਹੋਰ ਦੇ ਅਕੀਦੇ ਲਈ। ਅਜਿਹਾ ਕਰਨਾ ਸਾਡੇ ਪਾਤਸ਼ਾਹ ਦੇ ਹੀ ਹਿੱਸੇ ਆਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਅਸਲ ਮਨੋਰਥ ਨੂੰ ਸਮਝਦਿਆਂ ਸਾਨੂੰ ਉਨ੍ਹਾਂ ਤੋਂ ਸੇਧ ਲੈ ਕੇ ਮਾੜੀਆਂ ਸੋਚਾਂ ਤੋਂ ਬਚਣ ਦੀ ਲੋੜ ਹੈ।ਉਨ੍ਹਾਂ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਦਾ ਇਸ ਪੱਖੋਂ ਧੰਨਵਾਦ ਕੀਤਾ ਕਿ ਉਨ੍ਹਾਂ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਅਤੇ ਵਿਲੱਖਣ ਫ਼ਲਸਫ਼ੇ ਵਾਲ਼ੀ ਮਹਾਨ ਕਹਾਣੀ ਨੂੰ ਅੱਗੇ ਤੋਰਨ ਲਈ ਵੱਡੇ ਪੱਧਰ ਉੱਤੇ ਸਮਾਗਮ ਉਲੀਕੇ ਹਨ। ਉਨ੍ਹਾਂ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਪੰਜਾਬੀ ਯੂਨੀਵਰਸਿਟੀ ਨੇ ਰਾਗਬੱਧ ਕੀਰਤਨ ਅਮੀਰ ਖਜ਼ਾਨਾ ਸਾਂਭਿਆ ਹੋਇਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਅਮੀਰੀ ਸਦਾ ਕਾਇਮ ਰਹੇਗੀ । ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਸੇਵਾ, ਸਬਰ, ਸਹਿਜ, ਸੰਤੋਖ ਅਤੇ ਸ਼ਹਾਦਤ ਦੇ ਰਸਤੇ ਉੱਤੇ ਚਲਦਿਆਂ ਜ਼ਿੰਦਗੀ ਦੇ ਅਰਥ ਸਮਝਾਏ ਹਨ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਵਿਲੱਖਣ ਹੈ। ਅਜਿਹੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਇਹ ਇਸ ਲੜੀ ਦਾ ਤੀਜਾ ਸਮਾਗਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰੇਰਣਾ ਨਾਲ਼ ਜੀਵਨ ਜਿਉਣ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਕੋਲ਼ ਗੁਰਬਾਣੀ ਹੈ, ਉਸ ਕੋਲ਼ ਸਭ ਕੁੱਝ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਰੂ ਸਾਹਿਬ ਤੋਂ ਮੁੱਖ ਵਾਕ ਲੈ ਕੇ ਜੀਵਨ ਜਿਊਣ ਦੀ ਪਰੰਪਰਾ ਵਾਲੇ ਵਡਭਾਗੇ ਲੋਕ ਹਾਂ । ਸਿੱਖ ਵਿਸ਼ਵਕੋਸ਼ ਵਿਭਾਗ ਤੋਂ ਪ੍ਰੋ ਪਰਮਵੀਰ ਸਿੰਘ ਨੇ ਇਸ ਮੌਕੇ ਵਿਚਾਰਕ ਸਾਂਝ ਪਾਉਂਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਤਿਆਗ ਦੀ ਭਾਵਨਾ ਹੈ। ਸਾਨੂੰ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪੱਖਾਂ ਵਿੱਚ ਤਿਆਗ ਦੀ ਭਾਵਨਾ ਅਪਨਾਉਣ ਦੀ ਲੋੜ ਹੈ । ਉਨ੍ਹਾਂ ਗੁਰੂ ਸਾਹਿਬ ਦੇ ਜੀਵਨ ਵਿੱਚੋਂ ਇਤਿਹਾਸਿਕ ਹਵਾਲਿਆਂ ਨਾਲ਼ ਗੁਰੂ ਸਾਹਿਬ ਦੇ ਫ਼ਲਸਫ਼ੇ ਨੂੰ ਸਾਂਝਾ ਕੀਤਾ । ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਸਿੱਖਿਆਵਾਂ ਸਬੰਧੀ ਸੰਸਾਰ ਭਰ ਵਿੱਚ ਪ੍ਰਚਾਰ ਪ੍ਰਸਾਰ ਲਈ ਯੂਨੀਵਰਸਿਟੀ ਦੋ ਤਰ੍ਹਾਂ ਦੀਆਂ ਸਰਗਰਮੀਆਂ ਕਰ ਰਹੀ ਹੈ । ਜਿੱਥੇ ਇੱਕ ਪਾਸੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗ ਅਤੇ ਕਾਲਜ ਇਸ ਵਿਸ਼ੇ ਨੂੰ ਸਮਰਪਿਤ ਸਮਾਗਮ ਉਲੀਕ ਰਹੇ ਹਨ ਉਥੇ ਹੀ ਇੱਕ ਵਿਸ਼ੇਸ਼ ਅਕਾਦਮਿਕ ਕਾਰਜ ਵਜੋਂ ਗੁਰੂ ਸਾਹਿਬ ਦੀ ਬਾਣੀ, ਜੀਵਨ, ਯਾਤਰਾਵਾਂ, ਫ਼ਲਸਫ਼ੇ ਨੂੰ ਸਮਰਪਿਤ ਵਿਸ਼ੇਸ਼ ਪੁਸਤਕ ਵੀ ਰਚੀ ਜਾਣੀ ਹੈ ਜੋ ਨਵੰਬਰ ਮਹੀਨੇ ਤੱਕ ਪ੍ਰਕਾਸ਼ਿਤ ਹੋ ਜਾਵੇਗੀ । ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਸੀਂ ਵਡਭਾਗੇ ਹਾਂ ਕਿ ਅਸੀਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ । ਸਮਾਗਮ ਦੌਰਾਨ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਵੀ ਗੁਰੂ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਗਾਇਨ ਕੀਤਾ ਗਿਆ। ਧੰਨਵਾਦੀ ਸ਼ਬਦ ਡਾ. ਸੁਖਵਿੰਦਰ ਸਿੰਘ ਸਰਾਂ ਵੱਲੋਂ ਬੋਲੇ ਗਏ।

Related Post