
ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਕਰਵਾਇਆ ਵਿਸ਼ੇਸ਼ ਭਾਸ਼ਣ
- by Jasbeer Singh
- August 5, 2024

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਕਰਵਾਇਆ ਵਿਸ਼ੇਸ਼ ਭਾਸ਼ਣ -ਦਲਿਤ ਸਰੋਕਾਰਾਂ ਬਾਰੇ ਹੋਈ ਗੱਲ ਪਟਿਆਲਾ, 5 ਅਗਸਤ : ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਇੱਥੇ ਸਥਾਪਿਤ 'ਇੰਗਲਿਸ਼ ਲਿਟਰੇਰੀ ਸੋਸਾਇਟੀ' ਦੀ ਅਗਵਾਈ ਹੇਠ 'ਟੂਵਾਰਡਜ਼ ਐਨ ਅੰਡਰਸਟੈਂਡਿੰਗ ਆਫ਼ ਦਲਿਤ ਐਸਥੈਟਿਕਸ: ਟੈਕਸਟਸ ਐਂਡ ਕੰਟੈਕਸਟਸ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਦਿੱਲੀ ਯੂਨੀਵਰਸਿਟੀ ਦਿੱਲੀ ਦੇ ਅੰਗਰੇਜ਼ੀ ਵਿਭਾਗ ਤੋਂ ਪੁੱਜੇ ਡਾ. ਰਾਜ ਕੁਮਾਰ ਨੇ ਦਿੱਤਾ । ਵਿਭਾਗ ਮੁਖੀ ਡਾ. ਜਯੋਤੀ ਪੁਰੀ ਨੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਪ੍ਰੋਫੈਸਰ ਰਾਜ ਕੁਮਾਰ ਪਿਛਲੇ ਲੰਬੇ ਸਮੇਂ ਤੋਂ ਦਲਿਤ ਸਾਹਿਤ, ਅੰਗਰੇਜ਼ੀ ਵਿੱਚ ਭਾਰਤੀ ਲੇਖਣ, ਉੜੀਆ ਸਾਹਿਤ ਅਤੇ ਉੱਤਰ-ਬਸਤੀਵਾਦੀ ਅਧਿਐਨਾਂ 'ਤੇ ਕੇਂਦਰਿਤ ਆਪਣਾ ਅਕਾਦਮਿਕ ਕਾਰਜ ਕਰ ਰਹੇ ਹਨ । ਡਾ. ਰਾਜ ਕੁਮਾਰ ਨੇ ਆਪਣੇ ਆਪਣੇ ਭਾਸ਼ਣ ਰਾਹੀਂ ਦਲਿਤ ਸੁਹਜ ਸ਼ਾਸਤਰ ਦੇ ਇਤਿਹਾਸ ਨੂੰ ਦਰਸਾਉਂਦਿਆਂ ਦੱਸਿਆ ਕਿ ਕਿਵੇਂ ਯੁੱਗਾਂ ਤੋਂ ਪ੍ਰਚਲਿਤ ਜਾਤੀ ਕਾਨੂੰਨ ਅਤੇ ਰੀਤੀ-ਰਿਵਾਜ ਦਲਿਤਾਂ, ਖਾਸ ਕਰਕੇ ਔਰਤਾਂ ਨੂੰ ਸਿੱਖਿਆ ਤੋਂ ਵਾਂਝਾ ਰਖਦੇ ਰਹੇ ਹਨ। ਉਨ੍ਹਾਂ ਜੋਤੀਬਾ ਫੂਲੇ ਅਤੇ ਡਾ. ਭੀਮ ਰਾਓ ਅੰਬੇਡਕਰ ਵਰਗੇ ਜਾਤ-ਪਾਤ ਵਿਰੋਧੀ ਬੁੱਧੀਜੀਵੀਆਂ ਦੇ ਅਥਾਹ ਯੋਗਦਾਨ ਬਾਰੇ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ । ਉਨ੍ਹਾਂ ਕਵਿਤਾ, ਗਲਪ, ਸਵੈ-ਜੀਵਨੀ ਅਤੇ ਆਲੋਚਨਾ ਸਮੇਤ ਵੱਖ-ਵੱਖ ਸਾਹਿਤਕ ਰੂਪਾਂ ਵਿਚਲੇ ਦਲਿਤ ਸੁਹਜ ਸ਼ਾਸਤਰ ਉੱਤੇ ਵੀ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਾਹਿਤਕ ਆਲੋਚਨਾ ਦਲਿਤ ਜੀਵਨ ਅਤੇ ਦਲਿਤ ਸੰਵੇਦਨਾ ਨਾਲ ਨਿਆਂ ਨਹੀਂ ਕਰ ਸਕਦੀ । ਅਜ਼ਾਦੀ ਅਤੇ ਬਰਾਬਰੀ ਦੀ ਸੰਭਾਵਨਾ ਦੇ ਸੰਦਰਭ ਵਿੱਚ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਦਲਿਤ ਨਾ ਸਿਰਫ਼ ਜਾਤ ਦੇ ਖਾਤਮੇ ਲਈ ਖੜ੍ਹੇ ਹਨ, ਸਗੋਂ ਸਨਮਾਨ ਅਤੇ ਸਵੈ-ਮਾਣ ਨਾਲ ਜੀਣ ਦੇ ਅਧਿਕਾਰ ਲਈ ਵੀ ਖੜ੍ਹੇ ਹਨ । ਭਾਸ਼ਣ ਉਪਰੰਤ ਦਰਸ਼ਕਾਂ ਵੱਲੋਂ ਸਵਾਲ ਪੁੱਛ ਕੇ ਸੰਵਾਦ ਰਚਾਇਆ ਗਿਆ। ਅੰਗਰੇਜ਼ੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਭਾਸ਼ਾਵਾਂ ਦੇ ਸਾਬਕਾ ਡੀਨ ਡਾ. ਰਾਜੇਸ਼ ਕੁਮਾਰ ਸ਼ਰਮਾ ਨੇ ਇਸ ਮੌਕੇ ਆਪਣੇ ਵਿਚਾਰਾਂ ਨਾਲ਼ ਪ੍ਰਸ਼ਨ-ਉੱਤਰ ਸੈਸ਼ਨ ਦੀ ਸ਼ੁਰੂਆਤ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਮੋਨਿਕਾ ਸੱਭਰਵਾਲ ਨੇ ਕੀਤਾ ।
Related Post
Popular News
Hot Categories
Subscribe To Our Newsletter
No spam, notifications only about new products, updates.