

ਸਕੂਲ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਝੋਟਾ ਹੋਇਆ ਦਾਖਲ ਮਹਾਰਾਸ਼ਟਰ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸ਼ਹਿਰ ਦੇ ਮਾਡਰਨ ਇੰਗਲਿਸ਼ ਸਕੂਲ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਇਕ ਝੋਟਾ ਸਕੂਲ ‘ਚ ਦਾਖਲ ਹੋ ਗਿਆ, ਜਿਸ ਨਾਲ ਪੂਰੇ ਸਕੂਲ ‘ਚ ਜਿਥੇ ਹਫੜਾ-ਦਫੜੀ ਮਚ ਗਈ, ਉਥੇ ਇਸ ਦੌਰਾਨ 15 ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਸਮੁੱਚੇ ਜ਼ਖਮੀਆਂ ਦਾ ਸ਼ਹਿਰ ਦੇ ਘਾਟੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ । ਅਜਿਹਾ ਘਟਨਾਕ੍ਰਮ ਵਾਪਰਨ ਦੇ ਮਾਮਲੇ ਦੀ ਪੁਲਸ ਅਤੇ ਪ੍ਰਸ਼ਾਸਨ ਵਲੋਂ ਜਾਂਚ ਜਾਰੀ ਹੈ । ਦੱਸਣਯੋਗ ਹੈ ਕਿ ਛਤਰਪਤੀ ਸੰਭਾਜੀਨਗਰ ਦੇ ਟਾਊਨ ਹਾਲ ਇਲਾਕੇ ‘ਚ ਸਥਿਤ ਮਾਡਰਨ ਇੰਗਲਿਸ਼ ਸਕੂਲ ‘ਚ ਬੁੱਧਵਾਰ ਨੂੰ ਕਲਾਸਾਂ ਆਮ ਵਾਂਗ ਸ਼ੁਰੂ ਹੋਈਆਂ । ਸਵੇਰੇ ਕਰੀਬ 10:15 ਵਜੇ ਕੁਝ ਵਿਦਿਆਰਥੀ ਸਕੂਲ ਦੇ ਮੈਦਾਨ ਵਿੱਚ ਖੇਡ ਰਹੇ ਸਨ ਕਿ ਅਚਾਨਕ ਇੱਕ ਝੋਟਾ ਸਕੂਲ ਵਿੱਚ ਦਾਖਲ ਹੋ ਗਿਆ । ਸਕੂਲ ਦੇ ਚੌਕੀਦਾਰ ਨੇ ਉਸ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਪਰ ਉਹ ਅਸਫਲ ਰਿਹਾ । ਝੋਟੇ ਦੇ ਦਾਖਲ ਹੁੰਦੇ ਹੀ ਸਕੂਲ ਵਿੱਚ ਭਗਦੜ ਮੱਚ ਗਈ । ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ । ਇਸ ਦੌਰਾਨ ਜ਼ਖਮੀ ਵਿਦਿਆਰਥੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ । ਇਸ ਹਮਲੇ ‘ਚ ਇਕ ਵਿਦਿਆਰਥੀ ਦੀ ਲੱਤ ਟੁੱਟ ਗਈ, ਜਦਕਿ ਕੁਝ ਹੋਰ ਵਿਦਿਆਰਥੀ ਮਾਮੂਲੀ ਜ਼ਖਮੀ ਹੋ ਗਏ । ਇਸ ਤੋਂ ਇਲਾਵਾ ਇਕ ਵਿਦਿਆਰਥੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਅਧਿਆਪਕ ਵੀ ਜ਼ਖਮੀ ਹੋ ਗਿਆ । ਝੋਟੇ ਦੇ ਸਕੂਲ ਵਿੱਚ ਦਾਖਲ ਹੋਣ ਦਾ ਕਾਰਨ ਅਤੇ ਦਿਸ਼ਾ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ । ਸਥਾਨਕ ਪ੍ਰਸ਼ਾਸਨ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ।