
ਸਫਲਤਾ ਦੇ ਸ਼ਿਖਰ 'ਤੇ ਪਹੁੰਚੇ ਵਿਦਿਆਰਥੀਆਂ ਦੀ ਘਰ-ਘਰ ਜਾ ਕੇ ਹੋਈ ਵਧਾਈ ਅਤੇ ਸਨਮਾਨ ਦੀ ਵਿਲੱਖਣ ਪੇਸ਼ਕਸ਼
- by Jasbeer Singh
- May 23, 2025

ਸਫਲਤਾ ਦੇ ਸ਼ਿਖਰ 'ਤੇ ਪਹੁੰਚੇ ਵਿਦਿਆਰਥੀਆਂ ਦੀ ਘਰ-ਘਰ ਜਾ ਕੇ ਹੋਈ ਵਧਾਈ ਅਤੇ ਸਨਮਾਨ ਦੀ ਵਿਲੱਖਣ ਪੇਸ਼ਕਸ਼ ਪਟਿਆਲਾ, 23 ਮਈ : ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਵੱਲੋਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਸਿਰਮੌਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕ ਵਿਲੱਖਣ ਢੰਗ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਅਧਿਆਪਕਾਂ ਅਤੇ ਪ੍ਰਬੰਧਕ ਮੰਡਲ ਵੱਲੋਂ ਵਿਦਿਆਰਥੀਆਂ ਦੇ ਘਰਾਂ ਤੱਕ ਜਾ ਕੇ ਉਨ੍ਹਾਂ ਨੂੰ ਫੁੱਲ, ਮਿਠਾਈਆਂ ਅਤੇ ਸਨਮਾਨ ਪੱਤਰ ਭੇਟ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।ਇਹ ਪਹਿਲ ਸਿਰਫ਼ ਇੱਕ ਸਨਮਾਨ ਸਮਾਰੋਹ ਨਹੀਂ ਸੀ, ਸਗੋਂ ਇਕ ਸੰਦੇਸ਼ ਸੀ—ਕਿ ਜਿਹੜੇ ਵੀ ਵਿਦਿਆਰਥੀ ਦ੍ਰਿੜ਼ ਨਿਸ਼ਚੇ, ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਦੇ ਹਨ, ਉਹਨਾ ਦੀ ਕਦਰ ਘਰ ਦੀ ਚੌਖਟ ਤੋਂ ਲੈ ਕੇ ਸਮਾਜਿਕ ਪੱਧਰ ਤੱਕ ਹੋਣੀ ਚਾਹੀਦੀ ਹੈ। ਇਸ ਮੌਕੇ ਮਾਪਿਆਂ ਦੇ ਚਿਹਰੇ ਤੇ ਖੁਸ਼ੀ ਅਤੇ ਗਰਵ ਦੇ ਮਿਲੇ-ਜੁਲੇ ਜਜ਼ਬਾਤ ਨਜ਼ਰ ਆਏ, ਜਦੋਂ ਉਨ੍ਹਾਂ ਦੇ ਘਰ ਸਕੂਲ ਵੱਲੋਂ ਉਨ੍ਹਾਂ ਦੇ ਬੱਚਿਆਂ ਦੀ ਸਫਲਤਾ ਦੀ ਸ਼ਲਾਘਾ ਲਈ ਟੀਮ ਪਹੁੰਚੀ । ਸਕੂਲ ਦੇ ਪਿ੍ੰਸੀਪਲ ਬ੍ਰਿਜੇਸ਼ ਸੈਕਸੇਨਾ ਨੇ ਕਿਹਾ, “ਸਾਨੂੰ ਆਪਣੇ ਇਨ੍ਹਾਂ ਵਿਦਿਆਰਥੀਆਂ ਉੱਤੇ ਨਾਜ਼ ਹੈ, ਜਿਨ੍ਹਾਂ ਨੇ ਅਨੁਸ਼ਾਸਨ ਅਤੇ ਸੰਘਰਸ਼ ਰਾਹੀਂ ਇਹ ਸਫਲਤਾ ਹਾਸਲ ਕੀਤੀ । ਇਹ ਸਿਰਫ਼ ਉਨ੍ਹਾਂ ਦੀ ਹੀ ਨਹੀਂ, ਸਗੋਂ ਪੂਰੇ ਸਕੂਲ, ਮਾਪਿਆਂ ਅਤੇ ਸਮਾਜ ਦੀ ਸਾਂਝੀ ਜਿੱਤ ਹੈ ।” ਇਹ ਯਤਨ ਸਿੱਖਿਆ ਖੇਤਰ ਵਿੱਚ ਇੱਕ ਨਵਾਂ ਮਾਪਦੰਡ ਸਾਬਤ ਹੋ ਰਿਹਾ ਹੈ, ਜੋ ਹੋਰ ਸਿੱਖਿਆ ਸੰਸਥਾਵਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ ।