ਹਿਜਾਬ ਪਹਿਨਣ ਵਾਲੀ ਔਰਤ ਇਕ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਬਣੇਗੀ : ਓਵੈਸੀ
- by Jasbeer Singh
- January 11, 2026
ਹਿਜਾਬ ਪਹਿਨਣ ਵਾਲੀ ਔਰਤ ਇਕ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਬਣੇਗੀ : ਓਵੈਸੀ ਮੁੰਬਈ, 11 ਜਨਵਰੀ 2026 : ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਇਕ ਦਿਨ ਹਿਜਾਬ ਪਹਿਨਣ ਵਾਲੀ ਔਰਤ ਭਾਰਤ ਦੀ ਪ੍ਰਧਾਨ ਮੰਤਰੀ ਬਣੇਗੀ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਬਰਾਬਰ ਦਰਜਾ ਦਿੰਦਾ ਹੈ, ਜਦੋਂਕਿ ਪਾਕਿਸਤਾਨ ਦਾ ਸੰਵਿਧਾਨ ਚੋਟੀ ਦੇ ਸੰਵਿਧਾਨਕ ਅਹੁਦਿਆਂ ਲਈ ਸਿਰਫ ਇਕ ਹੀ ਭਾਈਚਾਰੇ ਤੱਕ ਸੀਮਤ ਹੈ । ਭਾਜਪਾ ਨੇ ਦਿੱਤੀ ਓਵੈਸੀ ਦੀ ਟਿੱਪਣੀ ਤੇ ਤਿੱਖੀ ਪ੍ਰਤੀਕਿਰਿਆ ਸੱਤਾਧਾਰੀ ਭਾਜਪਾ ਨੇ ਓਵੈਸੀ ਦੀ ਇਸ ਟਿੱਪਣੀ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ ਨੇ ਕਿਹਾ ਕਿ ਆਪਣੇ 'ਗੈਰ-ਜ਼ਿੰਮੇਵਾਰਾਨਾ' ਬਿਆਨ ਰਾਹੀਂ ਹੈਦਰਾਬਾਦ ਦੇ ਸੰਸਦ ਮੈਂਬਰ 'ਅੱਧਾ ਸੱਚ' ਪੇਸ਼ ਕਰ ਰਹੇ ਹਨ ਕਿਉਂਕਿ ਮੁਸਲਿਮ ਔਰਤਾਂ ਹਿਜਾਬ ਨਹੀਂ ਪਹਿਨਣਾ ਚਾਹੁੰਦੀਆਂ। ਭਾਜਪਾ ਦੇ ਸੰਸਦ ਮੈਂਬਰ ਅਨਿਲ ਬੋਂਦੇ ਨੇ ਈਰਾਨ 'ਚ ਔਰਤਾਂ ਵੱਲੋਂ ਹਿਜਾਬ ਖਿਲਾਫ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਮੁਸਲਿਮ ਔਰਤਾਂ ਹਿਜਾਬ ਨਹੀਂ ਪਹਿਨਣਾ ਚਾਹੁੰਦੀਆਂ ਕਿਉਂਕਿ ਕੋਈ ਵੀ ਗੁਲਾਮੀ ਪਸੰਦ ਨਹੀਂ ਕਰਦਾ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਭਾਰਤ 'ਚ ਜਨਸੰਖਿਆ ਅਸੰਤੁਲਨ ਉੱਭਰ ਰਿਹਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਹਿੰਦੂ ਏਕਤਾ ਦੀ ਅਪੀਲ ਕੀਤੀ।
