ਪੰਜਾਬੀ ਯੂਨੀਵਰਸਿਟੀ ਵਿਖੇ ਫ਼ਿਲਮ ਮਾਧਿਅਮ ਦੀਆਂ ਬਰੀਕੀਆਂ ਜਾਣਨ ਲਈ ਲਗਾਈ ਵਰਕਸ਼ਾਪ ਸੰਪੰਨ
- by Jasbeer Singh
- November 8, 2024
ਪੰਜਾਬੀ ਯੂਨੀਵਰਸਿਟੀ ਵਿਖੇ ਫ਼ਿਲਮ ਮਾਧਿਅਮ ਦੀਆਂ ਬਰੀਕੀਆਂ ਜਾਣਨ ਲਈ ਲਗਾਈ ਵਰਕਸ਼ਾਪ ਸੰਪੰਨ - ਕੈਲੀਫੋਰਨੀਆ ਇੰਸਟੀਚੂਟ ਆਫ਼ ਇੰਟੈਗਰਲ ਸਟੱਡੀਜ਼ ਤੋਂ ਪੀ-ਐੱਚ. ਡੀ. ਖੋਜਾਰਥੀ ਮਨਜੋਤ ਮੁਲਤਾਨੀ ਨੇ ਦਿੱਤੀ ਸਿਖਲਾਈ ਪਟਿਆਲਾ, 8 ਨਵੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ.ਸੀ.) ਵੱਲੋਂ ਸਮਾਜ ਵਿਗਿਆਨ ਵਿਭਾਗ ਅਤੇ ਰਵੀ ਖੋਜ ਸਕੂਲ ਦੇ ਸਹਿਯੋਗ ਨਾਲ਼ ਲਗਵਾਈ ਗਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋ ਗਈ ਹੈ । ਇਹ ਵਰਕਸ਼ਾਪ ਖੋਜ ਖੇਤਰ ਵਿੱਚ ਫ਼ਿਲਮ ਮਾਧਿਅਮ ਦੀਆਂ ਬਰੀਕੀਆਂ ਨੂੰ ਜਾਣਨ ਦੀ ਸਿਖਲਾਈ ਦੇਣ ਹਿਤ ਲਗਾਈ ਗਈ ਸੀ । ਈ. ਐੱਮ. ਆਰ. ਸੀ. ਡਾਇਰੈਕਟਰ ਦਲਜੀਤ ਅਮੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਜ਼ੂਅਲ ਸਟੋਰੀਟੈੱਲਿੰਗ ਦੇ ਵਿਸ਼ੇ ਉੱਤੇ ਲਗਵਾਈ ਗਈ ਇਸ ਵਰਕਸ਼ਾਪ ਵਿੱਚ ਯੂ. ਐੱਸ. ਏ. ਦੇ ਕੈਲੀਫੋਰਨੀਆ ਇੰਸਟੀਚੂਟ ਆਫ਼ ਇੰਟੈਗਰਲ ਸਟੱਡੀਜ਼ ਤੋਂ ਪੀ-ਐੱਚ. ਡੀ. ਖੋਜਾਰਥੀ ਮਨਜੋਤ ਮੁਲਤਾਨੀ ਮਾਹਿਰ ਵਜੋਂ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਮਨਜੋਤ ਮੁਲਤਾਨੀ ਇੱਕ ਉੱਭਰ ਰਹੇ ਫਿਲਮ ਨਿਰਮਾਤਾ ਅਤੇ ਪੌਡਕਾਸਟਰ ਹਨ ਜੋ ਕਿ ਭਾਰਤ ਵਿੱਚ ਵੀ 'ਫੁੱਲਬਰਾਈਟ ਨਹਿਰੀ ਸਕੌਲਰ' ਵਜੋਂ ਕਾਰਜਸ਼ੀਲ ਹਨ। ਦਲਜੀਤ ਅਮੀ ਨੇ ਦੱਸਿਆ ਕਿ ਈ. ਐੱਮ. ਆਰ. ਸੀ. ਦੀ ਥਾਂ ਨੂੰ ਬਹੁ-ਅਨੁਸ਼ਾਸਨੀ ਅਤੇ ਬਹੁ-ਦਿਸ਼ਾਵੀ ਜਗ੍ਹਾ ਬਣਾਉਣ ਦੀ ਪ੍ਰਕਿਰਿਆ ਦੇ ਇੱਕ ਹਿੱਸੇ ਵਜੋਂ ਹੀ ਇਹ ਅਕਾਦਮਿਕ ਗਤੀਵਿਧੀ ਉਲੀਕੀ ਗਈ ਸੀ ਤਾਂ ਕਿ ਵਿਜ਼ੂਅਲ ਸੱਭਿਆਚਾਰ ਨੂੰ ਸਮਝਣ ਲਈ ਲੋੜੀਂਦੀਆਂ ਤਕਨੀਕਾਂ ਬਾਰੇ ਸਿੱਖਿਅਤ ਕੀਤਾ ਜਾ ਸਕੇ । ਮਨਜੋਤ ਮੁਲਤਾਨੀ ਵੱਲੋਂ ਵਰਕਸ਼ਾਪ ਵਿੱਚ ਸ਼ਾਮਿਲ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਵੱਖ-ਵੱਖ ਵੰਨਗੀਆਂ ਦੀਆਂ ਫ਼ਿਲਮਾਂ ਵਿਖਾਉਂਦੇ ਹੋਏ ਉਨ੍ਹਾਂ ਵਿਚਲੀਆਂ ਬਰੀਕੀਆਂ ਬਾਰੇ ਪੜਚੋਲ ਕਰਨ ਦਾ ਅਭਿਆਸ ਕਰਵਾਇਆ । ਉਨ੍ਹਾਂ ਸੰਵਾਦ ਅਤੇ ਅਭਿਆਸ ਰਾਹੀਂ ਖੋਜਾਰਥੀਆਂ ਨੂੰ ਸਿਖਲਾਈ ਦਿੱਤੀ ਕਿ ਕਿਸ ਤਰ੍ਹਾਂ ਵੱਖ-ਵੱਖ ਵੰਨਗੀਆਂ ਦੀਆਂ ਫ਼ਿਲਮਾਂ ਨੂੰ ਵੇਖਣਾ ਹੈ ਅਤੇ ਉਨ੍ਹਾਂ ਦੇ ਸੰਕੇਤਕ ਅਰਥਾਂ ਨੂੰ ਗਹਿਰਾਈ ਤੱਕ ਜਾਣਨਾ ਹੈ । ਵਰਕਸ਼ਾਪ ਵਿੱਚ ਸਮਾਜ ਵਿਗਿਆਨ ਵਿਭਾਗ ਤੋਂ ਡਾ. ਕਿਰਨ ਅਤੇ ਰਵੀ ਖੋਜ ਸਕੂਲ ਤੋਂ ਪ੍ਰੋ. ਸੁਰਜੀਤ ਸਿੰਘ ਵੀ ਸ਼ਾਮਿਲ ਰਹੇ ।
Related Post
Popular News
Hot Categories
Subscribe To Our Newsletter
No spam, notifications only about new products, updates.