

ਪਾਣੀ ਪ੍ਰੋਜੈਕਟ ਨੂੰ ਲੈ ਕੇ ਆਪ ਤੇ ਭਾਜਪਾ ਆਹਮੋ ਸਾਹਮਣੇ ਭਾਜਪਾ ਕੌਂਸਲਰ ਨੇ ਪਾਣੀ ਪ੍ਰੋਜੈਕਟ ਦੀਆਂ ਤੋੜੀਆਂ ਜਾ ਰਹੀਆਂ ਸੜਕਾਂ ਸਬੰਧੀ ਗਵਰਨਰ ਨੂੰ ਮੰਗ ਪੱਤਰ ਦੇ ਕੇ ਜਾਂਚ ਦੀ ਕੀਤੀ ਮੰਗ ਪਟਿਆਲਾ, 21 ਮਈ 2025 : ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰ 40 ਤੋਂ ਕੌਂਸਲਰ ਤੇ ਭਾਜਪਾ ਯੁਵਾ ਮੋਰਚਾ ਦੇ ਸੂਬਾ ਸੈਕਟਰੀ ਅਨੁਜ ਖੋਸਲਾ ਨੇ ਅੱਜ ਐਲ. ਐਂਡ ਟੀ. ਕੰਪਨੀ ਵਲੋਂ ਪਾਣੀ ਦੀ ਪਾਈਪ ਲਾਈਨਾਂ ਦੇ ਕੰਮ ਵਿਚ ਬੇਤਰਤੀਬੀ ਅਤੇ ਬੇਨਿਯਮੀਆਂ ਕੀਤੇ ਜਾਣ ਸਬੰਧੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਰਾਜਪਾਲ ਤੋਂ ਇਸ ਕੰਮ ਨੂੰ ਕਰਨ ਦੌਰਾਨ ਕੀਤੇ ਜਾ ਰਹੇ ਘੁਟਾਲੇ ਦੀ ਜਾਂਚ ਦੀ ਮੰਗ ਵੀ ਕੀਤੀ । ਅਨੁਜ ਖੋਸਲਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਕੇਂਦਰ ਸਰਕਾਰ ਦੀ ਅਮਰੂਟ ਸਕੀਮ ਦੇ ਅਧੀਨ ਕੈਨਾਲ ਬੇਸਡ ਵਾਟਰ ਪ੍ਰੋਜੈਕਟ ਯਾਨੀ ਭਾਖੜਾ ਦਾ ਪਾਣੀ 24 ਘੰਟੇ ਘਰਾਂ ਵਿੱਚ ਪਹੁੰਚਾਉਣ ਲਈ ਤਕਰੀਬਨ 342 ਕਰੋੜ ਰੁਪਏ ਦੇ ਨਾਲ ਇਸ ਦਾ ਠੇਕਾ ਐਲ ਐਂਡ ਟੀ ਕੰਪਨੀ ਨੂੰ ਦਿੱਤਾ ਗਿਆ ਹੈ ਜੋ ਕਿ ਸਾਲ 2020 ਵਿੱਚ ਚਾਲੂ ਹੋ ਕੇ 2023 ਵਿੱਚ ਨਿਬੜ ਜਾਣਾ ਸੀ ਪ੍ਰੰਤੂ ਅੱਜ 51 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਆਪਣੀ ਕੰਮ ਦੀ ਤੈਅ ਸੀਮਾ ਦਾ 50 ਫੀਸਦੀ ਟੀਚਾ ਵੀ ਹਾਸਲ ਨਹੀਂ ਕਰ ਸਕੀ ਹੈ। ਅਨੁਜ ਖੋਸਲਾ ਨੇ ਦੱਸਿਆ ਕਿ ਇੰਨੀ ਵੱਡੀ ਕੰਪਨੀ ਹੋਣ ਦੇ ਬਾਵਜੂਦ ਇਸ ਕੰਪਨੀ ਵੱਲੋਂ ਪੂਰੇ ਸ਼ਹਿਰ ਦੀ ਸੜਕਾਂ ਨੂੰ ਬੇਤਰਤੀਬੇ ਅਤੇ ਬੇਢੰਗੇ ਢੰਗ ਨਾਲ ਤੋੜ ਕੇ ਸ਼ਹਿਰ ਨੂੰ ਪੱਟੀ ਮੇਸ ਕਰ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪਾਣੀ ਦੀ ਸਪਲਾਈ ਲਈ ਪਾਏ ਜਾਣ ਵਾਲੇ ਪਾਈਪ ਲਾਈਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਜਿਹੇ ਪੁਆਇੰਟ ਹਨ ਜਿਨ੍ਹਾਂ ਵਿੱਚ ਪਾਣੀ ਦੀ ਪਾਈਪ ਪਾਈ ਹੀ ਨਹੀਂ ਗਈ ਹੈ ਅਤੇ ਜਿਨ੍ਹਾਂ ਵਿੱਚ ਪਾਣੀ ਦੀ ਪਾਈਪ ਪਾਈ ਗਈ ਹੈ ਉਹਨਾਂ ਨੂੰ ਦੋ-ਦੋ ਸਾਲ ਹੋ ਗਈ ਹਨ ਤੇ ਉਥੇ ਤੋੜੀਆਂ ਗਈਆਂ ਸੜਕਾਂ ਬਣਾਈਆਂ ਹੀ ਨਹੀਂ ਗਈਆਂ। ਉਨ੍ਹਾਂ ਕਿਹਾ ਕਿ ਮਾੜੇ ਦਰਜੇ ਦੀਆਂ ਸੜਕਾਂ ਇਸ ਕੰਪਨੀ ਵੱਲੋਂ ਬਣਾਈਆਂ ਜਾ ਰਹੀਆਂ ਹਨ ਜੋ ਕਿ ਬਣਾਉਣ ਦੇ ਕੁਝ ਮਹੀਨੇ ਬਾਅਦ ਹੀ ਟੁੱਟ ਰਹੀਆਂ ਹਨ ਬਾਵਜੂਦ ਉਸਦੇ ਇਸ ਕੰਪਨੀ ਨੂੰ ਭੁਗਤਾਨ ਕੀਤਾ ਜਾਣਾ ਸਰਕਾਰੀ ਖਜ਼ਾਨੇ ਅਤੇ ਕੇਂਦਰ ਦੇ ਪੈਸੇ ਦਾ ਦੁਰਉਪਯੋਗ ਹੈ, ਜਿਸ ਲਈ ਜਾਂਚ ਕੀਤੀ ਜਾਣੀ ਬੇਹਦ ਜ਼ਰੂਰੀ ਹੈ ।