
ਪੰਜਾਬੀ ਯੂਨੀਵਰਸਿਟੀ ਵਿਖੇ 'ਇੰਡੀਅਨ ਹਿਸਟਰੀ ਕਾਂਗਰਸ' ਦੇ ਦੂਜੇ ਦਿਨ ਵੱਖ-ਵੱਖ ਵਿਸ਼ਿਆਂ ਉੱਤੇ ਕਰਵਾਏ ਗਏ ਅਕਾਦਮਿਕ ਸੈਕਸ਼ਨ
- by Jasbeer Singh
- December 30, 2024

ਪੰਜਾਬੀ ਯੂਨੀਵਰਸਿਟੀ ਵਿਖੇ 'ਇੰਡੀਅਨ ਹਿਸਟਰੀ ਕਾਂਗਰਸ' ਦੇ ਦੂਜੇ ਦਿਨ ਵੱਖ-ਵੱਖ ਵਿਸ਼ਿਆਂ ਉੱਤੇ ਕਰਵਾਏ ਗਏ ਅਕਾਦਮਿਕ ਸੈਕਸ਼ਨ -1100 ਤੋਂ ਵੱਧ ਡੈਲੀਗੇਟਾਂ ਅਤੇ ਖੋਜਾਰਥੀਆਂ ਨੇ ਖੋਜ ਪੱਤਰ ਪੇਸ਼ ਕਰਨ ਲਈ ਕੀਤਾ ਰਜਿਸਟਰਡ -'ਪੰਜਾਬ ਦਾ ਅਤੀਤ ਅਤੇ ਵਰਤਮਾਨ' ਬਾਰੇ ਆਯੋਜਿਤ ਕਰਵਾਇਆ ਵਿਸ਼ੇਸ਼ ਪੈਨਲ ਪਟਿਆਲਾ, 29 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ 'ਇੰਡੀਅਨ ਹਿਸਟਰੀ ਕਾਂਗਰਸ' ਦੇ 83ਵੇਂ ਸੈਸ਼ਨ ਦੇ ਦੂਜੇ ਦਿਨ ਪ੍ਰਾਚੀਨ ਭਾਰਤ, ਮੱਧਕਾਲੀ ਭਾਰਤ, ਆਧੁਨਿਕ ਭਾਰਤ, ਭਾਰਤ ਤੋਂ ਇਲਾਵਾ ਹੋਰ ਦੇਸ਼ਾਂ, ਪੁਰਾਤੱਤਵ ਵਿਗਿਆਨ ਅਤੇ ਸਮਕਾਲੀ ਭਾਰਤ ਸੰਬੰਧੀ ਵੱਖ-ਵੱਖ ਵਿਸ਼ਿਆਂ ਉੱਤੇ ਅਕਾਦਮਿਕ ਸੈਕਸ਼ਨ ਕਰਵਾਏ ਗਏ । ਇਸ ਤੋਂ ਇਲਾਵਾ ਅਲੀਗੜ੍ਹ ਹਿਸਟੋਰੀਅਨਜ਼ ਸੋਸਾਇਟੀ 'ਤੇ ਸਮਾਜਿਕ ਇਤਿਹਾਸ ਦੇ ਅਧਿਐਨ, ਪੰਜਾਬ ਦੇ ਅਤੀਤ ਅਤੇ ਵਰਤਮਾਨ ਬਾਰੇ ਪੈਨਲ, ਸ਼ਹਿਰੀ ਅਤੀਤ 'ਤੇ ਵਿਚਾਰ ਕਰਨ ਸੰਬੰਧੀ ਅਰਬਨ ਹਿਸਟਰੀ ਪੈਨਲ ਅਤੇ ਸਬਾਲਟਰਨ ਜਾਤੀ ਐਸੋਸੀਏਸ਼ਨਾਂ 'ਤੇ ਦਲਿਤ ਇਤਿਹਾਸ ਪੈਨਲ ਦਾ ਵੀ ਆਯੋਜਨ ਕੀਤਾ ਗਿਆ । ਇੰਡੀਅਨ ਹਿਸਟਰੀ ਕਾਂਗਰਸ ਦੇ ਸਥਾਨਕ ਸਕੱਤਰ ਪ੍ਰੋ. ਮੁਹੰਮਦ ਇਦਰੀਸ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 1100 ਤੋਂ ਵੱਧ ਡੈਲੀਗੇਟਾਂ ਅਤੇ ਖੋਜਾਰਥੀਆਂ ਨੇ ਖੋਜ ਪੱਤਰ ਪੇਸ਼ ਕਰਨ ਲਈ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ । 'ਪੰਜਾਬ ਦਾ ਅਤੀਤ ਅਤੇ ਵਰਤਮਾਨ' ਪੈਨਲ, ਪ੍ਰੋ. ਮੁਹੰਮਦ ਇਦਰੀਸ ਦੀ ਕਨਵੀਨਰਸ਼ਿਪ ਹੇਠ ਹੋਇਆ ਜੋ ਉਨ੍ਹਾਂ ਦੇ ਸੁਆਗਤੀ ਨੋਟ ਨਾਲ ਸ਼ੁਰੂ ਹੋਇਆ। ਪੈਨਲ ਮੈਂਬਰ ਅਤੇ ਪਤਵੰਤਿਆਂ ਦਾ ਸੁਆਗਤ ਕਰਦਿਆਂ ਉਨ੍ਹਾਂ ਪਟਿਆਲਾ ਸ਼ਹਿਰ ਦੇ ਇਤਿਹਾਸਕ ਪ੍ਰਸੰਗ ਦੇ ਨਾਲ-ਨਾਲ ਇਸਦੀ ਵਿਰਾਸਤ ਅਤੇ ਸੱਭਿਆਚਾਰਕ ਅਮੀਰੀ ਨੂੰ ਵੀ ਉਜਾਗਰ ਕੀਤਾ । ਨਵੀਂ ਅਤੇ ਮੌਲਿਕ ਖੋਜ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਦੇ ਯੋਗਦਾਨ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਸਭ ਦਾ ਨਿੱਘਾ ਸੁਆਗਤ ਕੀਤਾ । ਇਸ ਉਪਰੰਤ ਪ੍ਰੋ. ਇਰਫਾਨ ਹਬੀਬ ਵੱਲੋਂ ਮੁੱਖ-ਸੁਰ ਭਾਸ਼ਣ ਦਿੱਤਾ ਗਿਆ ਜੋ ਆਨਲਾਈਨ ਵਿਧੀ ਰਾਹੀਂ ਪੇਸ਼ ਕੀਤਾ ਗਿਆ । ਉਨ੍ਹਾਂ ਭਾਰਤ ਦੇ ਇਤਿਹਾਸ ਵਿੱਚ ਪੰਜਾਬ ਦੇ ਵੱਡੇ ਯੋਗਦਾਨ ਸੰਬੰਧੀ ਨੁਕਤੇ 'ਤੇ ਜ਼ੋਰ ਦਿੰਦਿਆਂ ਸਿੰਧੂ ਘਾਟੀ ਅਤੇ ਪਹਿਲੀ ਸ਼ਹਿਰੀ ਸਭਿਅਤਾ ਦੇ ਹਵਾਲੇ ਨਾਲ਼ ਗੱਲ ਕੀਤੀ । ਪ੍ਰੋ . ਇੰਦੂ ਬੰਗਾ ਵੱਲੋਂ ਪ੍ਰੋ. ਜੇ. ਐੱਸ. ਗਰੇਵਾਲ ਦੇ ਪੰਜਾਬ ਅਤੇ ਸਿੱਖ ਇਤਿਹਾਸ ਵਿੱਚ ਯੋਗਦਾਨ ਬਾਰੇ ਵਿਸ਼ੇਸ਼ ਲੈਕਚਰ ਦਿੱਤਾ ਗਿਆ । ਪੈਨਲ ਅੰਦਰ ਚਾਰ ਸੈਸ਼ਨ ਕਰਵਾਏ ਗਏ ਜਿਨ੍ਹਾਂ ਦੀ ਪ੍ਰਧਾਨਗੀ ਪ੍ਰੋ. ਸਈਅਦ ਅਲੀ ਨਦੀਮ ਰੇਜ਼ਾਵੀ, ਪ੍ਰੋ. ਸੀਮਾ ਬਾਵਾ, ਪ੍ਰੋ. ਜਿਗਰ ਮੁਹੰਮਦ ਅਤੇ ਪ੍ਰੋ. ਸੁਖਨਿੰਦਰ ਕੌਰ ਢਿੱਲੋਂ ਨੇ ਕੀਤੀ । ਪ੍ਰੋ. ਰੇਣੂ ਠਾਕੁਰ ਵੱਲੋਂ ਪੇਸ਼ ਕੀਤੇ ਗਏ ਖੋਜ ਪੱਤਰ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਵਸੇਬੇ ਦੇ ਨਮੂਨੇ ਬਾਰੇ ਗੱਲ ਕੀਤੀ, ਪ੍ਰੋ. ਜਬੀਰ ਰਜ਼ਾ ਨੇ ਗਜ਼ਨਵੀ ਕਾਲ ਦੌਰਾਨ ਪੰਜਾਬ ਦੇ ਇਤਿਹਾਸਕ ਭੂਗੋਲ ਬਾਰੇ ਮਹੱਤਵਪੂਰਨ ਨੁਕਤੇ ਸਾਹਮਣੇ ਲਿਆਂਦੇ । ਡਾ. ਰੂਪਮ ਜਸਮੀਤ ਕੌਰ ਨੇ ਸਮਾਜਿਕ-ਧਾਰਮਿਕ ਸੁਧਾਰਾਂ ਨੂੰ ਸ਼ੁਰੂ ਕਰਨ ਵਿੱਚ ਨਾਮਧਾਰੀ ਸਿੱਖਾਂ ਦੁਆਰਾ ਨਿਭਾਈ ਗਈ ਭੂਮਿਕਾ, ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਉਨ੍ਹਾਂ ਦੇ ਵਿਰੋਧ ਅਤੇ ਉਨ੍ਹਾਂ ਦੇ ਸਿਧਾਂਤਾਂ ਅਤੇ ਅਭਿਆਸਾਂ ਰਾਹੀਂ ਬਣਾਈ ਗਈ ਵਿਲੱਖਣ ਪਛਾਣ ਆਦਿ ਪੱਖਾਂ ਬਾਰੇ ਗੱਲ ਕੀਤੀ । ਸ਼ਾਮ ਨੂੰ 'ਅਤੀਤ ਦੇ ਸਿਰਜਣਾਤਮਕ ਦ੍ਰਿਸ਼ਟੀਕੋਣ : ਮੂਰਤੀਆਂ, ਲਘੂ ਚਿੱਤਰਾਂ ਅਤੇ ਇਤਿਹਾਸ ਦੇ ਪੁਨਰ ਨਿਰਮਾਣ ਦੇ ਸਰੋਤ ਵਜੋਂ ਕਾਰਟੂਨ' ਵਿਸ਼ੇ 'ਤੇ ਵਿਸ਼ੇਸ਼ ਸਿੰਪੋਜ਼ੀਅਮ ਕਰਵਾਇਆ ਗਿਆ । ਇਸ ਪੈਨਲ ਵਿੱਚ ਪ੍ਰੋ. ਸੀਮਾ ਬਾਵਾ, ਪ੍ਰੋ. ਉਰਵੀ ਮੁਖੋਪਾਧਿਆਏ ਅਤੇ ਡਾ. ਅੰਜਲੀ ਦੁਹਾਨ ਗੁਲੀਆ ਵੱਲੋਂ ਪੇਪਰ ਪੇਸ਼ ਕੀਤੇ ਗਏ । ਪੈਨਲ ਮੈਂਬਰਾਂ ਨੇ ਇਤਿਹਾਸਕ ਤੱਥਾਂ ਅਤੇ ਸਰੋਤਾਂ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰਦੇ ਹੋਏ ਆਪਣੇ ਮਹੱਤਵਪੂਰਨ ਨੁਕਤੇ ਸਾਹਮਣੇ ਲਿਆਂਦੇ । ਸਾਰੇ ਖੋਜ ਪੱਤਰਾਂ ਉਪਰੰਤ ਲੰਮੀ ਅਤੇ ਢੁਕਵੀਂ ਚਰਚਾ ਕੀਤੀ ਗਈ। ਦੂਜੇ ਦਿਨ ਦੇ ਵਿਚਾਰ-ਵਟਾਂਦਰੇ ਨੇ ਹਾਜ਼ਰ ਦਰਸ਼ਕਾਂ ਵਿੱਚ ਇਤਿਹਾਸ ਦੀ ਡੂੰਘੀ ਸਮਝ ਪੈਦਾ ਕਰਨ ਸੰਬੰਧੀ ਮਹੱਤਵਪੂਰਨ ਯੋਗਦਾਨ ਪਾਇਆ ।