ਅਦਾਕਾਰਾ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਅਦਾਕਾਰ ਦਿਲੀਪ ਬਰੀ ਕੋਚੀ, 9 ਦਸੰਬਰ 2025 : ਕੇਰਲ ਦੀ ਇਕ ਅਦਾਲਤ ਨੇ 2017 ਵਿਚ ਕੋਚੀ ਵਿਚ ਇਕ ਅਦਾਕਾਰਾ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਇਕ ਮਾਮਲੇ ਵਿਚੋਂ ਸੋਮਵਾਰ ਨੂੰ ਮਲਿਆਲਮ ਫਿਲਮ ਅਦਾਕਾਰ ਦਿਲੀਪ ਨੂੰ ਬਰੀ ਕਰ ਦਿੱਤਾ। ਹਾਲਾਂਕਿ, ਅਦਾਲਤ ਨੇ ਮੁੱਖ ਦੋਸ਼ੀ ਸੁਨੀਲ ਐੱਨ. ਐੱਸ. ਉਰਫ਼ `ਪਲਸਰ ਸੁਨੀ` ਸਮੇਤ 5 ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ । ਏਰਨਾਕੁਲਮ ਦੇ ਪ੍ਰਿੰਸੀਪਲ ਸੈਸ਼ਨ ਜੱਜ ਹਨ ਐੱਮ. ਵਰਗੀਸ ਨੇ ਇਹ ਫੈਸਲਾ ਸੁਣਾਇਆ। 6 ਹੋਰ ਦੋਸ਼ੀ ਕਰਾਰ ਸੁਨੀਲ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਨ੍ਹਾਂ ਵਿਚ ਮਾਰਟਿਨ ਐਂਟਨੀ, ਮਨੀਕੰਦਨ ਬੀ., ਵਿਜੇਸ਼ ਵੀ. ਪੀ., ਸਲੀਮ ਐੱਚ. ਅਤੇ ਪ੍ਰਦੀਪ ਸ਼ਾਮਲ ਹਨ । ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਵਿਚ ਕੰਮ ਕਰ ਚੁੱਕੀ ਇਸ ਅਦਾਕਾਰਾ ਨੂੰ 17 ਫਰਵਰੀ, 2017 ਦੀ ਰਾਤ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ। ਉਨ੍ਹਾਂ ਨੇ ਕਥਿਤ ਤੌਰ `ਤੇ ਉਸਦੀ ਕਾਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਦੋ ਘੰਟੇ ਤੱਕ ਉਸ ਨਾਲ ਛੇੜਛਾੜ ਕੀਤੀ ਅਤੇ ਫਿਰ ਇਕ ਵਿਅਸਤ ਇਲਾਕੇ ਵਿਚ ਭੱਜ ਗਏ।
