ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ' ਚ ਸੜਕ ਸੁਰਖਿਆ ਪ੍ਰਬੰਧਾਂ ਦੀ ਸਮੀਖਿਆ
- by Jasbeer Singh
- November 13, 2025
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹੇ ' ਚ ਸੜਕ ਸੁਰਖਿਆ ਪ੍ਰਬੰਧਾਂ ਦੀ ਸਮੀਖਿਆ ਟੁੱਟੀਆਂ ਸੜਕਾਂ ਡਵਾਈਡਰਾਂ ਦੀ ਮੁਰੰਮਤ ਲਈ ਵਿਭਾਗਾਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਪਟਿਆਲਾ, 13 ਨਵੰਬਰ 2025 : ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਦੀ ਮਹੱਤਵਪੂਰਨ ਬੈਠਕ ਦਾ ਆਯੋਜਨ ਅੱਜ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਅਤੇ ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ ਦੀ ਅਗਵਾਈ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਦੀ ਸਾਂਝੀ ਬੈਠਕ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਆਰ. ਟੀ. ਓ. ਸਮੇਤ ਪੁਲਿਸ ਵਿਭਾਗ, ਪੀ. ਡਬਲਯੂ. ਡੀ., ਨਗਰ ਨਿਗਮ, ਸਿੱਖਿਆ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਹਾਜ਼ਰੀ ਭਰੀ । ਬੈਠਕ ਦੌਰਾਨ ਜ਼ਿਲ੍ਹੇ ਦੇ ਸੜਕ ਸੁਰੱਖਿਆ ਪ੍ਰਬੰਧਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ । ਅਧਿਕਾਰੀਆਂ ਨੇ ਖ਼ਾਸ ਤੌਰ 'ਤੇ ਸੜਕਾਂ ਉੱਤੇ ਬਣੇ ਡਿਵਾਈਡਰਾਂ ਦੀ ਸਥਿਤੀ, ਟੁੱਟੀਆਂ ਸੜਕਾਂ ਦੀ ਮੁਰੰਮਤ, ਅਵਾਰਾ ਪਸ਼ੂਆਂ ਦੀ ਸਮੱਸਿਆ, ਰੇਹੜੀਆਂ ਤੇ ਗੈਰ-ਕਾਨੂੰਨੀ ਅੜਚਣਾਂ, ਟ੍ਰੈਫ਼ਿਕ ਲਾਈਟਾਂ ਦੀ ਕਾਰਗੁਜ਼ਾਰੀ ਅਤੇ ਹੈਵੀ ਵਾਹਨਾਂ ਦੀ ਆਵਾਜਾਈ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ । ਵਧੀਕ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਕਿ ਅਵਾਰਾ ਪਸ਼ੂ ਕਿਸੇ ਵੀ ਹਾਲਤ ਵਿੱਚ ਸੜਕਾਂ 'ਤੇ ਨਾ ਦਿਖਣ । ਇਸ ਸਬੰਧੀ ਨਗਰ ਨਿਗਮ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ । ਉਨ੍ਹਾਂ ਨੇ ਕਿਹਾ ਕਿ ਸੜਕਾਂ ਦੇ ਕਿਨਾਰੇ ਮੌਜੂਦ ਖਰਾਬ ਡਿਵਾਈਡਰਾਂ ਨੂੰ ਠੀਕ ਕੀਤਾ ਜਾਵੇ ਅਤੇ ਜਿੱਥੇ ਲੋੜ ਹੋਵੇ, ਉਥੇ ਨਵੇਂ ਡਿਵਾਈਡਰ ਬਣਾਏ ਜਾਣ। ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਪੀ. ਡਬਲਯੂ. ਡੀ. ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ । ਟ੍ਰੈਫ਼ਿਕ ਸਿਸਟਮ ਨੂੰ ਸੁਚਾਰੂ ਬਣਾਉਣ ਲਈ ਆਰ. ਟੀ. ਓ. ਬਬਨਦੀਪ ਸਿੰਘ ਵਾਲੀਆ ਨੇ ਕਿਹਾ ਕਿ ਹੈਵੀ ਵਾਹਨਾਂ ਦੀ ਆਵਾਜਾਈ ਲਈ ਸਮੇਂ ਦੀ ਪਾਬੰਦੀ ਲਾਗੂ ਕੀਤੀ ਜਾਵੇਗੀ ਤਾਂ ਜੋ ਸਕੂਲ ਸਮੇਂ ਦੌਰਾਨ ਟ੍ਰੈਫ਼ਿਕ ਜਾਮ ਨਾ ਹੋਵੇ । ਬੈਠਕ ਦੌਰਾਨ ਸੇਫ ਸਕੂਲ ਵਾਹਨ ਕਮੇਟੀ ਵੱਲੋਂ ਸਕੂਲ ਵਾਹਨਾਂ ਦੀ ਜਾਂਚ, ਡਰਾਈਵਰਾਂ ਦੀ ਸੁਰੱਖਿਆ ਸਿਖਲਾਈ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮੌਕੇ “ਸੜਕ ਸੁਰੱਖਿਆ ਮਿੱਤਰਾ ਸਕੀਮ” ਬਾਰੇ ਵੀ ਵਿਸਥਾਰ ਨਾਲ ਚਰਚਾ ਹੋਈ । ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਤਹਿਤ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਸਿੱਖਿਆ ਦਿੱਤੀ ਜਾਵੇਗੀ ਤਾਂ ਜੋ ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ । ਅੰਤ ਵਿੱਚ ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਸੜਕ ਸੁਰੱਖਿਆ ਨਾਲ ਜੁੜੇ ਕੰਮਾਂ ਲਈ ਆਪਸੀ ਸਹਿਯੋਗ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਪੀ. ਡੀ. ਏ. ਦੇ ਏ. ਸੀ. ਏ. ਜਸ਼ਨਪ੍ਰੀਤ ਕੌਰ ਗਿੱਲ, ਐਸ ਡੀ ਐਮਜ਼ ਇਸਮਤ ਵਿਜੈ ਸਿੰਘ, ਅਸ਼ੋਕ ਕੁਮਾਰ, ਹਰਜੋਤ ਕੌਰ ਸਹਾਇਕ ਕਮਿਸ਼ਨਰ ਰਿਚਾ ਗੋਇਲ, ਪਟਿਆਲਾ ਫਾਊਂਡੇਸ਼ਨ ਤੋਂ ਰਵੀ ਆਹਲੂਵਾਲੀਆ ਸਮੇਤ ਲੋਕ ਨਿਰਮਾਣ ਅਤੇ ਹੋਰ ਵਿਭਾਗਾਂ ਦੇ ਅਧਕਾਰੀ ਹਾਜ਼ਰ ਸਨ ।
