post

Jasbeer Singh

(Chief Editor)

Patiala News

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਤੇ ਚਿਕਗੁਨੀਆ ਵਿਰੁੱਧ ਮੁਹਿੰਮ ਨੂੰ ਹੋਰ ਤੇਜ ਕਰਨ ਦੀਆਂ ਹਦਾਇਤਾਂ

post-img

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਤੇ ਚਿਕਗੁਨੀਆ ਵਿਰੁੱਧ ਮੁਹਿੰਮ ਨੂੰ ਹੋਰ ਤੇਜ ਕਰਨ ਦੀਆਂ ਹਦਾਇਤਾਂ -ਕਿਹਾ, ਪ੍ਰਭਾਵਤ ਖੇਤਰਾਂ 'ਚ ਇੱਕੋ ਵੇਲੇ ਕੀਤੀ ਜਾਵੇ ਫਾਗਿੰਗ ਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ -ਲੋਕਾਂ ਨੂੰ ਡੇਂਗੂ ਮੱਛਰ ਦੇ ਡੰਗ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਤੇ ਘਰਾਂ ਤੇ ਆਲੇ ਦੁਆਲੇ ਪਾਣੀ ਖੜ੍ਹਾ ਹੋਣ ਤੋਂ ਰੋਕਣ ਦੀ ਅਪੀਲ ਪਟਿਆਲਾ : ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਮੱਛਰਾਂ 'ਚ ਵਾਧੇ ਕਾਰਨ ਡੇਂਗੂ ਤੇ ਚਿਕਗੁਨੀਆ ਬੁਖ਼ਾਰ ਦੇ ਕੇਸ ਵਧਣ ਦਾ ਖ਼ਦਸ਼ਾ ਹੈ, ਜਿਸ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਤੇ ਖਾਸ ਕਰਕੇ ਹਾਟ ਸਪਾਟ ਖੇਤਰਾਂ ਵਿੱਚ ਮੱਛਰਾਂ ਵਿਰੁੱਧ ਅਰੰਭੀ ਮੁਹਿੰਮ ਨੂੰ ਹੋਰ ਤੇਜ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲਾਰਵੀਸਾਈਡ ਦਾ ਛਿੜਕਾਅ ਤੇ ਫਾਗਿੰਗ 'ਚ ਵੀ ਤੇਜੀ ਲਿਆਂਦੀ ਜਾਵੇ । ਏ. ਡੀ. ਸੀ. ਨੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਸਿਵਲ ਸਰਜਨ ਡਾ. ਜਤਿੰਦਰ ਕਾਂਸਲ, ਐਪੀਮੀਡੋਲੋਜਿਸਟ ਡਾ. ਸੁਮੀਤ ਸਿੰਘ, ਐਸ.ਐਮ.ਓਜ, ਸਾਰੇ ਕਾਰਜ ਸਾਧਕ ਅਫ਼ਸਰ ਤੇ ਬੀ.ਡੀ.ਪੀ.ਓਜ ਸਮੇਤ ਹੋਰ ਅਧਿਕਾਰੀਆਂ ਨਾਲ ਜਾਇਜ਼ਾ ਬੈਠਕ ਕਰਕੇ ਹਦਾਇਤ ਕੀਤੀ ਕਿ ਪ੍ਰਭਾਵਤ ਖੇਤਰਾਂ ਵਿੱਚ ਫਾਗਿੰਗ ਦੇ ਨਾਲ-ਨਾਲ ਲੋਕਾਂ ਨੂੰ ਮੱਛਰਾਂ ਦੇ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਵੀ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਬੁਖ਼ਾਰ ਨੂੰ ਸਧਾਰਨ ਨਾ ਲਿਆ ਜਾਵੇ ਸਗੋਂ ਹਰ ਬੁਖ਼ਾਰ ਨੂੰ ਸ਼ੱਕੀ ਕੇਸ ਮੰਨਦੇ ਹੋਏ ਡੇਂਗੂ ਦਾ ਟੈਸਟ ਜਰੂਰ ਕਰਵਾਇਆ ਜਾਵੇ । ਨਵਰੀਤ ਕੌਰ ਸੇਖੋਂ ਨੇ ਆਦੇਸ਼ ਦਿੱਤੇ ਕਿ ਮੈਡੀਕਲ ਸੇਵਾਵਾਂ ਨੂੰ ਚੌਕਸ ਕਰਨ ਦੇ ਨਾਲ-ਨਾਲ ਪ੍ਰਭਾਵਤ ਤੇ ਖਾਸ ਕਰਕੇ ਹਾਟ ਸਪੌਟ ਖੇਤਰਾਂ ਵਿੱਚ ਇਕੋ ਸਮੇਂ ਫਾਗਿੰਗ ਕਰਕੇ ਮੱਛਰ ਵਿਰੋਧੀ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਜਿਹੜੇ ਘਰਾਂ ਵਿੱਚ ਡੇਂਗੂ ਮੱਛਰ ਦਾ ਲਾਰਵਾ ਮਿਲਦਾ ਹੈ, ਉਸਦਾ ਚਲਾਨ ਜਰੂਰ ਕੱਟਿਆ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਦੀ ਪੈਦਾਵਾਰ ਆਮ ਲੋਕਾਂ ਦੇ ਸਾਂਝੇ ਹੰਭਲੇ ਨਾਲ ਹੀ ਰੋਕੀ ਜਾ ਸਕਦੀ ਹੈ, ਇਸ ਲਈ ਆਮ ਲੋਕ ਆਪਣੇ ਘਰਾਂ ਦੇ ਅੰਦਰ, ਕੂਲਰਾਂ, ਫਰਿੱਜਾਂ ਦੀਆਂ ਟ੍ਰੇਆਂ, ਗਮਲਿਆਂ ਅਤੇ ਆਲੇ ਦੁਆਲੇ ਖੜ੍ਹੇ ਪਾਣੀ ਅਤੇ ਡੇਂਗੂ ਮੱਛਰ ਦੀ ਪੈਦਾਇਸ਼ ਦੇ ਸਰੋਤ ਨੂੰ ਤੁਰੰਤ ਖ਼ਤਮ ਕਰਨ । ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਖੇ ਪੰਜ ਕਲੋਨੀਆਂ ਨੂੰ ਹਾਟ-ਸਪਾਟ ਮੰਨਿਆ ਗਿਆ ਹੈ, ਇਨ੍ਹਾਂ ਕਲੋਨੀਆਂ ਵਿੱਚ ਨਗਰ ਨਿਗਮ ਸਥਾਨਕ ਐਸੋਸੀਏਸ਼ਨਾਂ ਨੂੰ ਨਾਲ ਲੈਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦੇ 762 ਟੈਸਟ ਕੀਤੇ ਗਏ ਸਨ ਜ਼ਿਨ੍ਹਾਂ ਵਿੱਚੋਂ 50 ਮਰੀਜਾਂ ਨੂੰ ਡੇਂਗੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ 24 ਕੇਸ ਸਨ, ਇਸ ਲਈ ਲੋਕ ਜਰੂਰ ਸਾਵਧਾਨੀ ਵਰਤਣ ਕਿਉਂਕਿ ਐਡੀਜ ਮੱਛਰ ਲੋਕਾਂ ਦੇ ਘਰਾਂ ਵਿੱਚੋਂ ਹੀ ਮਿਲ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਮੱਛਰਾਂ ਤੋਂ ਬਚਾਅ ਦੇ ਸਾਰੇ ਪ੍ਰਬੰਧ ਕਰਨ ਤੇ ਖਾਸ ਕਰਕੇ ਦਿਨ ਸਮੇਂ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਰੱਖਣ । ਏ. ਡੀ. ਸੀ. ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਿਹਤ ਵਿਭਾਗ ਨਾਲ ਮਿਲਕੇ ਡੇਂਗੂ ਵਿਰੁੱਧ ਮੁਹਿੰਮ ਚਲਾਈ ਗਈ ਹੈ ਤੇ ਬਿਮਾਰ ਲੋਕਾਂ ਦੇ ਇਲਾਜ ਲਈ ਰਾਜਿੰਦਰਾ ਹਸਪਤਾਲ 'ਚ 30 ਬੈਡ, 18 ਬੈਡ ਮਾਤਾ ਕੌਸ਼ੱਲਿਆ ਹਸਪਤਾਲ ਤੇ 6-6 ਬੈਡ ਪ੍ਰਤੀ ਸੀ.ਐਚ.ਸੀ. ਰਾਖਵੇਂ ਰੱਖੇ ਗਏ ਹਨ ।

Related Post