post

Jasbeer Singh

(Chief Editor)

Patiala News

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸੜਕਾਂ ਕਿਨਾਰੇ ਤੇ ਫੁਟਪਾਥਾਂ ਤੋਂ ਨਜਾਇਜ਼ ਕਬਜੇ ਹਟਾਉਣ ਲਈ ਹੁਕਮ ਜਾਰੀ

post-img

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸੜਕਾਂ ਕਿਨਾਰੇ ਤੇ ਫੁਟਪਾਥਾਂ ਤੋਂ ਨਜਾਇਜ਼ ਕਬਜੇ ਹਟਾਉਣ ਲਈ ਹੁਕਮ ਜਾਰੀ -ਬਾਜ਼ਾਰਾਂ 'ਚ ਦੁਕਾਨਾਂ ਦੇ ਮੂਹਰੇ ਰੱਖੇ ਮਸ਼ਹੂਰੀ ਬੋਰਡ ਸੜਕਾਂ ਤੋਂ ਹਟਾਏ ਜਾਣ : ਏ. ਡੀ. ਸੀ. -ਫੁਟਪਾਥਾਂ 'ਤੇ ਦੁਕਾਨਾਂ ਮੂਹਰੇ ਵਧਾ ਕੇ ਰੱਖਿਆ ਸਮਾਨ ਵੀ ਹਟਾਉਣ ਦੇ ਨਿਰਦੇਸ਼ -ਸੜਕਾਂ 'ਤੇ ਨਜਾਇਜ਼ ਕਬਜਿਆਂ ਕਰਕੇ ਹੁੰਦੇ ਨੇ ਹਾਦਸੇ ਤੇ ਲੋਕਾਂ 'ਚ ਲੜਾਈ ਝਗੜੇ ਪਟਿਆਲਾ, 10 ਸਤੰਬਰ 2025 :  ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਏ. ਡੀ. ਸੀ. ਸਿਮਰਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਪਟਿਆਲਾ ਤੇ ਨਗਰ ਨਿਗਮ ਦੀ ਹਦੂਦ ਅੰਦਰ ਸੜਕਾਂ ਦੇ ਕਿਨਾਰਿਆਂ ਅਤੇ ਫੁਟਪਾਥਾਂ ਤੋਂ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ । ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮ ਦੇਖਣ ਵਿੱਚ ਆਇਆ ਹੈ ਕਿ ਸ਼ਹਿਰ ਅੰਦਰ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਬਾਹਰ ਸੜਕਾਂ 'ਤੇ ਆਪਣੇ ਅਣਅਧਿਕਾਰਤ ਮਸ਼ਹੂਰੀ ਬੋਰਡ ਫਲੈਕਸਾਂ ਤੇ ਸਾਈਨ ਬੋਰਡ ਲਗਾ ਕੇ ਆਵਾਜਾਈ ਵਿੱਚ ਵਿਘਨ ਪਾਇਆ ਜਾ ਰਿਹਾ ਹੈ । ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਇਕ ਤਰਫ਼ਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸਮਾਨ ਵਧਾ ਕੇ ਬਾਹਰ ਰੱਖਿਆ ਜਾਂਦਾ ਹੈ, ਫੁਟਪਾਥਾਂ 'ਤੇ ਰੇਹੜੀਆਂ ਤੇ ਖੋਖੇ, ਫੜੀਆਂ ਲਗਾਈਆਂ ਜਾਂਦੀਆਂ ਅਤੇ ਵਹੀਕਲ ਵੀ ਰਸਤੇ ਵਿੱਚ ਗ਼ਲਤ ਢੰਗ ਨਾਲ ਪਾਰਕ ਕੀਤੇ ਜਾਂਦੇ ਹਨ। ਅਜਿਹਾ ਹੋਣ ਨਾਲ ਰਸਤੇ ਭੀੜੇ ਤੇ ਤੰਗ ਹੋ ਜਾਂਦੇ ਹਨ ਅਤੇ ਆਮ ਲੋਕਾਂ ਨੂੰ ਆਵਾਜਾਈ ਵਿੱਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਏ. ਡੀ. ਸੀ. ਸਿਮਰਪ੍ਰੀਤ ਕੌਰ ਵੱਲੋਂ ਪਾਸ ਹੁਕਮਾਂ ਮੁਤਾਬਕ ਅਜਿਹਾ ਹੋਣ ਨਾਲ ਟ੍ਰੈਫਿਕ ਵਿਵਸਥਾ ਵਿੱਚ ਵਿਘਨ ਪੈਂਦਾ ਹੈ ਤੇ ਘੰਟਿਆਂ ਬੱਧੀ ਜਾਮ ਲੱਗ ਜਾਂਦੇ ਹਨ ਅਤੇ ਇਸ ਕਾਰਨ ਰਾਹਗੀਰਾਂ ਤੇ ਆਮ ਲੋਕਾਂ ਦਰਮਿਆਨ ਆਪਸੀ ਲੜਾਈ ਝਗੜੇ ਦਾ ਮਾਹੌਲ ਬਣ ਜਾਂਦਾ ਹੈ, ਇਹ ਹਾਲਤ ਪੈਦਲ ਚੱਲਣ ਵਾਲਿਆਂ ਲਈ ਦਰਘਟਨਾਗ੍ਰਸਤ ਹੋਣ ਅਤੇ ਹੋਰ ਛੋਟੇ ਜੁਰਮਾਂ ਦੇ ਵਾਧੇ ਲਈ ਅਨਕੂਲ ਹੋ ਜਾਂਦੇ ਹਨ ਅਤੇ ਅਜਿਹੀ ਸਥਿਤੀ ਕਾਰਨ ਜ਼ਿਲ੍ਹੇ ਵਿੱਚ ਅਮਨ ਕਾਨੂੂੰਨ ਦੀ ਸਥਿਤੀ ਵੀ ਵਿਗੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ । ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਉਪਰੋਕਤ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਹਨ ਕਿ ਨਗਰ ਨਿਗਮ ਵੱਲੋਂ ਨਿਰਧਾਰਤ ਕੀਤੀਆਂ ਥਾਵਾਂ ਜਾਂ ਵੈਂਡਰ ਹਾਕਿੰਗ ਜੋਨ ਤੋਂ ਇਲਾਵਾ ਨਾਜਾਇਜ਼ ਤੌਰ 'ਤੇ ਸੜਕਾਂ ਦੇ ਨਾਲ-ਨਾਲ ਫੁਟਪਾਥਾਂ 'ਤੇ ਅਣ-ਅਧਿਕਾਰਤ ਤੇ ਨਾਜਾਇਜ਼ ਕਬਜ਼ੇ ਨਾ ਕੀਤੇ ਜਾਣ । ਦੁਕਾਨਦਾਰਾਂ ਵਲੋਂ ਆਪਣੇ ਹੋਰਡਿੰਗ ਤੇ ਸਾਇਨ ਬੋਰਡ ਤੇ ਫਲੈਕਸਾਂ ਅਤੇ ਆਪਣਾ ਸਮਾਨ ਸੜਕਾਂ 'ਤੇ ਅੱਗੇ ਵਧਾ ਕੇ ਨਾ ਰੱਖਿਆ ਜਾਵੇ। ਵਹੀਕਲ ਤੇ ਸਾਰੇ ਵਾਹਨ ਨਿਰਧਾਰਤ ਕੀਤੇ ਪਾਰਕਿੰਗ ਸਥਾਨਾਂ 'ਤੇ ਹੀ ਖੜ੍ਹੇ ਕੀਤੇ ਜਾਣ । ਇਹ ਹੁਕਮ ਜ਼ਿਲ੍ਹਾ ਪੁਲਿਸ, ਆਰ. ਟੀ. ਓ. ਤੇ ਨਗਰ ਨਿਗਮ ਵੱਲੋਂ ਆਪਣੇ ਖੇਤਰਾਂ ਵਿੱਚ ਸਖ਼ਤੀ ਨਾਲ ਲਾਗੂ ਕਰਵਾਏ ਜਾਣਗੇ ।

Related Post