’47 ਦੇ ਦੁਖਾਂਤ ਨੂੰ ਪਿੰਡੇ ’ਤੇ ਹੰਢਾਉਂਦਿਆਂ ਪਾਕਿਸਤਾਨ ਤੋਂ ਭਾਰਤ ਵਿੱਚ ਆਏ ਸ਼ਹਿਰੀ ਸਿੱਖ ਪਟਿਆਲਾ ਵਿੱਚ ਹੁਣ ਸਿਆਸੀ ਤੌਰ ’ਤੇ ਵੰਡੇ ਗਏ ਹਨ, ਮੋਤੀ ਮਹਿਲ ਵੱਲੋਂ ਰਾਜ ਮਾਤਾ ਮਹਿੰਦਰ ਕੌਰ ਤੇ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਵੰਡ ਵੇਲੇ ਇਨ੍ਹਾਂ ’ਤੇ ਕੀਤੇ ਗਏ ਅਹਿਸਾਨ ਨੂੰ ਇਹ ਨਹੀਂ ਭੁੱਲੇ ਸਨ ਪਰ ਇਸ ਵਾਰ ਮੋਤੀ ਮਹਿਲ ਦੇ ਭਾਜਪਾ ਵਿੱਚ ਚਲੇ ਜਾਣ ਤੋਂ ਬਾਅਦ ਸ਼ਹਿਰੀ ਸਿੱਖ ਵੀ ਹੁਣ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਦਾ ਸਮਰਥਨ ਕਰਦੇ ਦੇਖੇ ਜਾ ਸਕਦੇ ਹਨ। ਕਦੇ ਪਟਿਆਲਾ ਵਿੱਚ ਸ਼ਹਿਰੀ ਸਿੱਖਾਂ ਦੀ ਏਕਤਾ ਨੇ ਸਰਦਾਰਾ ਸਿੰਘ ਕੋਹਲੀ ਤੇ ਸੁਰਜੀਤ ਸਿੰਘ ਕੋਹਲੀ ਵਰਗਿਆਂ ਨੂੰ ਮੰਤਰੀ, ਮੇਅਰ ਤੱਕ ਬਣਾਇਆ। ਸਰਦਾਰਾ ਸਿੰਘ ਕੋਹਲੀ ਦਾ ਤਾਂ ਪਟਿਆਲਾ ਦੇ ਮੁੱਖ ਬਾਜ਼ਾਰ ਵਿੱਚ ਬੁੱਤ ਵੀ ਇਨ੍ਹਾਂ ਦੇ ਏਕੇ ਨੇ ਲਗਾਇਆ ਸੀ। ਪਟਿਆਲਾ ਵਿੱਚ ਸ਼ਹਿਰੀ ਸਿੱਖਾਂ ਵਿੱਚੋਂ ਅੱਜ ਕੱਲ੍ਹ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਦਲ ਬਦਲ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਆਪਣੇ ਸਿਰ ਤੇ ਵਿਧਾਇਕ ਦਾ ਤਾਜ ਸਜਾ ਲਿਆ ਹੈ, ਇਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਕੋਹਲੀ (ਸਾਬਕਾ ਮੰਤਰੀ) ਦੇ ਦਾਦਾ ਸਰਦਾਰਾ ਸਿੰਘ ਕੋਹਲੀ (ਸਾਬਕਾ ਵਿਧਾਇਕ) ਨੇ ਵੀ ਪਟਿਆਲਾ ’ਤੇ ਕਈ ਵਾਰੀ ਰਾਜ ਕੀਤਾ ਹੈ, ਦੂਜੇ ਪਾਸੇ ਅਜੀਤਪਾਲ ਸਿੰਘ ਕੋਹਲੀ ਦਾ ਭਰਾ ਗੁਰਜੀਤ ਸਿੰਘ ਕੋਹਲੀ ਭਾਰਤੀ ਜਨਤਾ ਪਾਰਟੀ ਵਿੱਚ ਕੰਮ ਕਰਦਾ ਹੋਇਆ ਹੁਣ ਉਹ ਸੰਗਰੂਰ ਜ਼ਿਲ੍ਹੇ ਦਾ ਇੰਚਾਰਜ ਹੈ। ਇਸੇ ਤਰ੍ਹਾਂ ਹਰਵਿੰਦਰ ਸਿੰਘ ਨਿੱਪੀ ਕਾਂਗਰਸ ਦਾ ਸੂਬਾ ਬੁਲਾਰਾ ਹੈ, ਕੇਕੇ ਸਹਿਗਲ ਐੱਸਐੱਸ ਬੋਰਡ ਦਾ ਸਾਬਕਾ ਮੈਂਬਰ, ਜੋਗਿੰਦਰ ਸਿੰਘ ਯੋਗੀ ਸਾਬਕਾ ਸੀਨੀਅਰ ਡਿਪਟੀ ਮੇਅਰ ਕਾਂਗਰਸ ਵਿੱਚ ਹਨ। ਮਨਮੋਹਨ ਸਿੰਘ ਬਜਾਜ ਦਾ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਡਟਿਆ ਹੋਇਆ ਹੈ, ਇੰਦਰਮੋਹਨ ਸਿੰਘ ਬਜਾਜ ਦਾ ਪੁੱਤਰ ਅਮਰਿੰਦਰ ਸਿੰਘ ਬਜਾਜ ਅੱਜ ਕੱਲ੍ਹ ਪਟਿਆਲਾ ਸ਼ਹਿਰੀ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਇੰਚਾਰਜ ਹੈ। ਪਟਿਆਲਾ ਤੋਂ ਹੀ ਰਾਜੂ ਖੰਨਾ ਅਮਲੋਹ ਹਲਕੇ ਦਾ ਇੰਚਾਰਜ ਹੈ। ਗੁਰਚਰਨ ਸਿੰਘ ਟੌਹੜਾ ਨੇ ਸ਼ਹਿਰੀ ਸਿੱਖਾਂ ਦਾ ਪੱਖ ਕਰਦਿਆਂ ਇਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਲਿਆ ਸੀ ਪਰ ਉਨ੍ਹਾਂ ਤੋਂ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲੋਂ ਸ਼ਹਿਰੀ ਸਿੱਖਾਂ ਦਾ ਮੋਹ ਭੰਗ ਹੋ ਗਿਆ ਤੇ ਅਕਾਲੀ ਦਲ ਨੇ ਵੀ ਇਨ੍ਹਾਂ ਨੂੰ ਤਵੱਜੋ ਦੇਣੀ ਬੰਦ ਕਰ ਦਿੱਤੀ। ਕਾਂਗਰਸ ਦੇ ਬੁਲਾਰੇ ਹਰਵਿੰਦਰ ਸਿੰਘ ਨਿੱਪੀ ਨੇ ਕਿਹਾ,‘ਪਟਿਆਲਾ ਸ਼ਹਿਰੀ ਤੇ ਦਿਹਾਤੀ ਵਿੱਚ ਸਾਡੀ 90 ਹਜ਼ਾਰ ਤੋਂ ਵੱਧ ਵੋਟ ਹੈ, ਅਸੀਂ ਪਹਿਲਾਂ ਮੋਤੀ ਮਹਿਲ ਨਾਲ ਸੀ ਪਰ ਹੁਣ ਅਸੀਂ ਸਾਰੇ ਹੀ ਕਾਂਗਰਸ ਵਾਲੇ ਪਾਸੇ ਆ ਗਏ ਹਾਂ।’ ਦੂਜੇ ਪਾਸੇ ਇੰਦਰਮੋਹਨ ਸਿੰਘ ਬਜਾਜ ਨੇ ਕਿਹਾ ਸ਼ਹਿਰੀ ਸਿੱਖਾਂ ਨੂੰ ਸਿਆਸੀ ਪਾਰਟੀਆਂ ਬਹੁਤ ਤਵੱਜੋ ਨਹੀਂ ਦੇ ਰਹੀਆਂ ਇਸੇ ਕਰਕੇ ਇਹ ਆਪੋ ਆਪਣੇ ਗੁੱਟ ਬਣਾ ਕੇ ਵੱਖ ਵੱਖ ਸਿਆਸੀ ਪਾਰਟੀਆਂ ਵਿਚ ਸਰਗਰਮ ਹਨ, ਪਰ ਜੇਕਰ ਸ਼ਹਿਰੀ ਸਿੱਖ ਏਕਤਾ ਕਰ ਲੈਣ ਤਾਂ ਪਟਿਆਲਾ ਤੇ ਰਾਜ ਕਰ ਸਕਦੇ ਹਨ। ਗੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਕੋਈ ਪਾਰਟੀ ਵੀ ਸ਼ਹਿਰੀ ਸਿੱਖਾਂ ਨੂੰ ਪਿਆਰ ਨਹੀਂ ਕਰ ਰਹੀ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਲੁਧਿਆਣਾ ਤੇ ਅੰਮ੍ਰਿਤਸਰ ਵਿਚ ਸਾਡੀ ਵੱਡੀ ਗਿਣਤੀ ਹੈ ਪਰ ਏਕਤਾ ਬਿਨਾਂ ਅਸੀਂ ਆਪਣੀ ਹੋਂਦ ਗਵਾ ਰਹੇ ਹਾਂ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.