
ਖ਼ਾਲਸਾ ਸਾਜਨਾ ਪੁਰਬ ਮੌਕੇ ਭਾਰਤੀ ਸ਼ਰਧਾਲੂਆਂ ਦਾ ਜਥਾ 13 ਅਪ੍ਰੈਲ ਨੂੰ ਜਾਵੇਗਾ ਪਾਕਿਸਤਾਨ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗ
- by Jasbeer Singh
- April 6, 2024

ਖ਼ਾਲਸਾ ਸਾਜਨਾ ਪੁਰਬ ਮੌਕੇ ਪਾਕਿਸਤਾਨ ਵਿਖੇ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਤੇ ਇਹ ਦਿਹਾੜਾ ਮਨਾਉਣ ਲਈ ਭਾਰਤੀ ਸ਼ਰਧਾਲੂਆਂ ਦਾ ਜੱਥਾ 13 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਲਈ ਰਵਾਨਾ ਹੋਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿਚ ਇਹ ਦਿਹਾੜਾ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਮਨਾਇਆ ਜਾਂਦਾ ਹੈ। ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਕਰਨਗੇ ਤੇ ਅਮਰਜੀਤ ਸਿੰਘ ਭਲਾਈਪੁਰ ਅਤੇ ਰਵਿੰਦਰ ਸਿੰਘ ਖ਼ਾਲਸਾ ਵੀ ਉਨ੍ਹਾਂ ਦੇ ਨਾਲ ਪਾਰਟੀ ਲੀਡਰ ਵਜੋਂ ਜਾਣਗੇ। ਉਨ੍ਹਾਂ ਕਿਹਾ ਕਿ ਅਸੀ ਵੀਜੇ ਪ੍ਰਾਪਤ ਕਰਨ ਲਈ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਵਿਚ ਪਾਸਪੋਰਟ ਜਮਾਂ ਕਰਵਾ ਦਿੱਤੇ ਹਨ। ਇਹ ਜੱਥਾ ਈਦ ਦੇ ਕਾਰਨ ਇਕ ਦਿਨ ਦੀ ਦੇਰੀ ਨਾਲ ਰਵਾਨਾ ਹੋਵੇਗਾ। ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਰੋੜੀ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਡੇਹਰਾ ਸਾਹਿਬ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਹੁੰਦਾ ਹੋਇਆ 22 ਅਪ੍ਰੈਲ ਨੂੰ ਭਾਰਤ ਵਾਪਸ ਪਰਤੇਗਾ। ਉਨ੍ਹਾਂ ਦੱਸਿਆ ਕਿ ਵਾਹਗਾ ਸਰਹੱਦ ਤੋਂ ਯਾਤਰੀਆਂ ਨੂੰ ਅਗਲੇਰੀ ਯਾਤਰਾ ’ਤੇ ਲੈ ਜਾਣ ਲਈ ਪਾਕਿਸਤਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਥੋਂ ਦੀ ਸਰਕਾਰ ਨਾਲ ਗੱਲਬਾਤ ਕਰਕੇ ਵਿਸ਼ੇਸ਼ ਰੇਲ ਗੱਡੀ ਦਾ ਇੰਤਜਾਮ ਕੀਤਾ ਹੈ। ਇਸ ਮੌਕੇ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਏ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਸੰਚਾਰ ਵੀ ਕਰਨਗੇ।