
ਆਗਰਾ ਦੀ ਇਕ ਐਮ. ਪੀ., ਐਮ. ਐਲ. ਏ. ਅਦਾਲਤ ਨੇ ਕੀਤਾ ਕੰਗਨਾ ਰਣੌਤ ਨੂੰ ਨੋਟਿਸ ਜਾਰੀ
- by Jasbeer Singh
- November 13, 2024

ਆਗਰਾ ਦੀ ਇਕ ਐਮ. ਪੀ., ਐਮ. ਐਲ. ਏ. ਅਦਾਲਤ ਨੇ ਕੀਤਾ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਆਗਰਾ : ਆਗਰਾ ਦੀ ਇਕ ਐਮ. ਪੀ., ਐਮ. ਐਲ. ਏ. ਅਦਾਲਤ ਨੇ ਮਹਾਤਮਾ ਗਾਂਧੀ ਅਤੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਧਰਨੇ ’ਤੇ ਬੈਠੇ ਕਿਸਾਨਾਂ ਬਾਰੇ ਟਿੱਪਣੀ ਕਰਨ ਦੇ ਸਬੰਧ ’ਚ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਕੰਗਨਾ ਰਣੌਤ ਨੂੰ ਮੰਗਲਵਾਰ ਨੂੰ ਨੋਟਿਸ ਜਾਰੀ ਕੀਤਾ । ਅਦਾਲਤ ’ਚ ਕੰਗਨਾ ਰਣੌਤ ਵਿਰੁਧ ਕੇਸ ਦਾਇਰ ਕਰਨ ਵਾਲੇ ਵਕੀਲ ਰਮਾਸ਼ੰਕਰ ਸ਼ਰਮਾ ਨੇ ਕਿਹਾ ਕਿ ਅਦਾਲਤ ਨੇ ਅਦਾਕਾਰਾ ਤੋਂ ਜਵਾਬ ਮੰਗਿਆ ਹੈ । ਉਨ੍ਹਾਂ ਕਿਹਾ ਕਿ ਮੈਂ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਵਿਰੁਧ 11 ਸਤੰਬਰ, 2024 ਨੂੰ ਆਗਰਾ ਦੀ ਅਦਾਲਤ ’ਚ ਕੇਸ ਦਾਇਰ ਕੀਤਾ ਸੀ । ਉਨ੍ਹਾਂ ਕਿਹਾ ਕਿ ਅਸੀਂ ਤਿੰਨ ਖੇਤੀ ਕਾਨੂੰਨਾਂ ਵਿਰੁਧ ਅਗੱਸਤ 2020 ਤੋਂ ਦਸੰਬਰ 2021 ਤਕ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਵਿਰੁਧ 27 ਅਗੱਸਤ ਨੂੰ ਅਖਬਾਰ ’ਚ ਪ੍ਰਕਾਸ਼ਤ ਇਕ ਬਿਆਨ ਪੜ੍ਹਿਆ, ਜਿਸ ’ਚ ਰਣੌਤ ਨੇ ਕਿਹਾ ਕਿ ‘ਪ੍ਰਦਰਸ਼ਨ ਵਾਲੀ ਥਾਂ ’ਤੇ ਕਤਲ, ਜਬਰ ਜਨਾਹ ਹੋਏ ਹਨ। ਜੇਕਰ ਦੇਸ਼ ’ਚ ਮਜ਼ਬੂਤ ਸਰਕਾਰ ਨਾ ਹੁੰਦੀ ਤਾਂ ਹਾਲਾਤ ਬੰਗਲਾਦੇਸ਼ ਵਰਗੇ ਹੁੰਦੇ।ਸ਼ਰਮਾ ਅਨੁਸਾਰ, ਅਦਾਕਾਰਾ ਨੇ ਇਕ ਹੋਰ ਬਿਆਨ ਦਿਤਾ ਜੋ 17 ਨਵੰਬਰ, 2021 ਨੂੰ ਅਖਬਾਰਾਂ ’ਚ ਪ੍ਰਕਾਸ਼ਤ ਹੋਇਆ ਸੀ, ਜਿੱਥੇ ਉਸ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ‘ਅਪਮਾਨ’ ਕੀਤਾ ਸੀ । ਵਕੀਲ ਨੇ ਕੰਗਨਾ ਦੇ ਬਿਆਨ ਨੂੰ ਦੁਹਰਾਇਆ ਅਤੇ ਕਿਹਾ ਕਿ ਉਸ ਨੇ ਕਿਹਾ ਕਿ ਸਾਨੂੰ ਅਸਲ ਆਜ਼ਾਦੀ 2014 ’ਚ ਮਿਲੀ ਸੀ । ਵਕੀਲ ਨੇ ਕਿਹਾ ਕਿ ਕੰਗਨਾ ਨੇ ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਅਪਮਾਨ ਕੀਤਾ ਹੈ ਅਤੇ ਮਹਾਤਮਾ ਗਾਂਧੀ ਦਾ ਵੀ ਅਪਮਾਨ ਕੀਤਾ ਹੈ । ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਅਦਾਲਤ ਨੇ ਰਣੌਤ ਦੇ ਬਿਆਨ ਲਈ ਨੋਟਿਸ ਜਾਰੀ ਕੀਤਾ । ਉਨ੍ਹਾਂ ਦਸਿਆ ਕਿ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 28 ਨਵੰਬਰ ਤੈਅ ਕੀਤੀ ਹੈ ।