ਵਣ ਮੰਡਲ ਅਫ਼ਸਰ ਵੱਲੋਂ ਲੋਕਾਂ ਨੂੰ ਚੀਤਾ ਜਾਂ ਤੇਂਦੂਆ ਹੋਣ ਸਬੰਧੀ ਫੈਲ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ
- by Jasbeer Singh
- September 1, 2024
ਵਣ ਮੰਡਲ ਅਫ਼ਸਰ ਵੱਲੋਂ ਲੋਕਾਂ ਨੂੰ ਚੀਤਾ ਜਾਂ ਤੇਂਦੂਆ ਹੋਣ ਸਬੰਧੀ ਫੈਲ ਰਹੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵਾਇਲਡ ਲਾਈਫ ਮਾਹਿਰਾਂ ਨੇ ਕੀਤੀ ਪੁਸ਼ਟੀ, ਮਿੱਟੀ ਉੱਤੇ ਮਿਲੇ ਪੰਜੇ ਦੇ ਨਿਸ਼ਾਨ ਚੀਤੇ ਜਾਂ ਤੇਂਦੂਏ ਦੇ ਨਹੀਂ - ਵਣ ਮੰਡਲ ਅਫ਼ਸਰ ਅਹਿਤਿਆਤ ਵਜੋਂ 2 ਪਿੰਜਰੇ ਸਥਾਪਿਤ, ਪੰਜੇ ਦੇ ਨਿਸ਼ਾਨ ਜੰਗਲੀ ਬਿੱਲੀ ਜਾਂ ਹਾਈਨਾ ਦੇ ਹੋਣ ਦਾ ਖਦਸ਼ਾ ਭਵਾਨੀਗੜ੍ਹ/ਸੰਗਰੂਰ, 1 ਸਤੰਬਰ : ਵਣ ਮੰਡਲ ਅਫਸਰ ਮੋਨਿਕਾ ਦੇਵੀ ਯਾਦਵ ਨੇ ਪਿਛਲੇ ਕੁਝ ਦਿਨਾਂ ਤੋਂ ਭਵਾਨੀਗੜ੍ਹ ਦੇ ਨੇੜਲੇ ਪਿੰਡਾਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਚੀਤਾ ਜਾਂ ਤੇਂਦੂਆ ਆਉਣ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਆਮ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਵਣ ਮੰਡਲ ਅਫਸਰ ਸੰਗਰੂਰ ਨੇ ਕਿਹਾ ਹੈ ਕਿ ਚੀਤਾ ਜਾਂ ਤੇਂਦੂਆ ਆਉਣ ਦੀਆਂ ਗੱਲਾਂ ਬਿਲਕੁਲ ਨਿਰਆਧਾਰ ਹਨ ਅਤੇ ਬਿਨਾਂ ਵਜ੍ਹਾ ਲੋਕਾਂ ਦੇ ਮਨਾਂ ਵਿੱਚ ਡਰ ਅਤੇ ਬੇਚੈਨੀ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ। ਵਣ ਮੰਡਲ ਅਫਸਰ ਸੰਗਰੂਰ ਰੇਂਜ ਮੋਨਿਕਾ ਦੇਵੀ ਯਾਦਵ ਨੇ ਕਿਹਾ ਕਿ ਅੱਜ ਜਿਵੇਂ ਹੀ ਚੰਨੋ ਨੇੜਲੇ ਇੱਕ ਪਿੰਡ ਦੇ ਖੇਤਾਂ ਵਿੱਚ ਚੀਤਾ ਜਾਂ ਤੇਂਦੂਆ ਹੋਣ ਸਬੰਧੀ ਸ਼ਿਕਾਇਤ ਉਹਨਾਂ ਦੀ ਟੀਮ ਨੂੰ ਮਿਲੀ ਤਾਂ ਤੁਰੰਤ ਪੁਲਿਸ ਨਾਲ ਰਾਬਤਾ ਕਰਦੇ ਹੋਏ ਚੌਕਸੀ ਟੀਮ ਨੂੰ ਮੌਕੇ ਤੇ ਭੇਜਿਆ ਗਿਆ ਅਤੇ ਮੁੱਢਲੀ ਪੜਤਾਲ ਦੌਰਾਨ ਮਿੱਟੀ ਵਿੱਚ ਸਾਹਮਣੇ ਆਏ ਪੰਜਿਆਂ ਦੇ ਨਿਸ਼ਾਨ ਦੀਆਂ ਤਸਵੀਰਾਂ ਲੈ ਕੇ ਜਾਂਚ ਲਈ ਵਾਇਲਡ ਲਾਈਫ ਮਾਹਿਰਾਂ ਨੂੰ ਭੇਜਿਆ ਗਿਆ। ਉਹਨਾਂ ਦੱਸਿਆ ਕਿ ਮਾਹਿਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਨਿਸ਼ਾਨ ਚੀਤਾ ਜਾਂ ਤੇਂਦੂਆ ਦੇ ਨਹੀਂ ਹਨ ਬਲਕਿ ਜੰਗਲੀ ਬਿੱਲੀ ਜਾਂ ਅਜਿਹੇ ਹੀ ਜੰਗਲੀ ਜੀਵ ਹਾਈਨਾ ਦੇ ਹੋ ਸਕਦੇ ਹਨ, ਜੋ ਕਿ ਲੋਕਾਂ ਦੇ ਲਈ ਖਤਰਨਾਕ ਨਹੀਂ ਹਨ। ਵਣ ਮੰਡਲ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੇਂਜ ਅਫਸਰ ਸੰਗਰੂਰ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਫਿਰ ਵੀ ਅਹਿਤਿਆਤ ਵੱਜੋਂ ਵਣ ਵਿਭਾਗ ਦੀਆਂ ਟੀਮਾਂ ਲਗਾਤਾਰ ਏਥੇ ਚੌਕਸੀ ਰੱਖ ਰਹੀਆਂ ਹਨ ਅਤੇ ਵਿਭਾਗੀ ਟੀਮਾਂ ਵੱਲੋਂ ਦੋ ਪਿੰਜਰੇ ਵੀ ਲਗਾਏ ਗਏ ਹਨ ।
