post

Jasbeer Singh

(Chief Editor)

Patiala News

ਆਂਗਣਵਾੜੀ ਵਰਕਰਾਂ ਨੇ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਜਿਤਾਇਆ ਰੋਸ਼ ਅਤੇ ਕੀਤੀ ਨਾਅਰੇਬਾਜ਼ੀ 

post-img

ਆਂਗਣਵਾੜੀ ਵਰਕਰਾਂ ਨੇ ਮੰਗਾਂ ਨੂੰ ਲੈਕੇ ਸਰਕਾਰ ਖਿਲਾਫ ਜਿਤਾਇਆ ਰੋਸ਼ ਅਤੇ ਕੀਤੀ ਨਾਅਰੇਬਾਜ਼ੀ  - ਮੋਬਾਇਲ ਵੈਰੀਫਿਕੇਸ਼ਨ ਅਤੇ ਐਫ.ਆਰ.ਐਸ ਦੇ ਕੰਮ ਦਾ ਬਾਈਕਾਟ, ਸਰਕਾਰ ਪਹਿਲਾਂ ਸਬੰਧਤ ਸਹੂਲਤਾਂ ਮੁਹਈਆ ਕਰਵਾਏ :- ਅਮਰਜੀਤ ਕੌਰ  ਘਨੌਰ , 10 ਜੂਨ : ਸੀਡੀਪੀਓ ਦਫ਼ਤਰ ਅਲਾਮਦੀਪੁਰ ਵਿਖੇ ਬਲਾਕ ਪ੍ਰਧਾਨ ਅਮਰਜੀਤ ਕੌਰ ਦੀ ਅਗਵਾਈ ਹੇਠ ਸੈਕੜੇ ਆਂਗਣਵਾੜੀ ਵਰਕਰਾਂ ਵੱਲੋਂ ਆਪਣੀ ਮੰਗਾਂ ਨੂੰ ਲੈਕੇ ਕੜਾਕੇ ਦੀ ਪੈ ਰਹੀ ਗਰਮੀ ਵਿਚ ਲਗਭਗ ਛੇ ਘੰਟੇ ਧਰਨਾ ਲਗਾ ਕੇ ਸਰਕਾਰ ਖਿਲਾਫ ਰੋਸ਼ ਜ਼ਾਹਿਰ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਜਦੋਂ ਕਿ ਧਰਨਾਕਾਰੀ ਵਰਕਰਾਂ ਵੱਲੋਂ ਵਿਭਾਗ ਨਾਲ ਸਬੰਧਤ ਸੁਪਰਵਾਈਜ਼ਰਾਂ ਨੂੰ ਮੰਗ ਪੱਤਰ ਦੇਣ ਉਪਰੰਤ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ ਸੀ। ਇਸ ਵਿੱਚ ਜ਼ਿਲ੍ਹਾ ਚੇਅਰਪਰਸਨ ਜਸਵਿੰਦਰ ਕੌਰ ਅਤੇ ਸੀਟੂ ਪੰਜਾਬ ਦੇ ਸਕੱਤਰ ਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਵਿੱਤ ਸਕੱਤਰ ਕਾਮਰੇਡ ਗੁਰਨਾਮ ਸਿੰਘ ਘਨੌਰ ਵੀ ਆਪਣੇ ਸਾਥੀਆਂ ਨਾਲ ਪਹੁੰਚੇ। ਸੀਟੂ ਆਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜਥੇਬੰਦੀ ਆਂਗਣਵਾੜੀ ਵਰਕਰਾਂ ਨਾਲ ਖੜ੍ਹੀ ਹੈ। ਜਿਹੜੀ ਇਨ੍ਹਾਂ ਦੀਆਂ ਮੰਗਾਂ ਹਨ, ਅਸੀਂ ਉਸ ਦੀ ਹਮਾਇਤ ਕਰਦੇ ਹਾਂ। ਜਦੋਂ ਤੱਕ ਸਰਕਾਰ ਇਨ੍ਹਾਂ ਦੀਆਂ ਸਬੰਧਤ ਸਹੂਲਤਾਂ ਦੀ ਭਰਪਾਈ ਨਹੀਂ ਕਰਦੀ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਜਲਦ ਮੰਗਾਂ ਨੂੰ ਪ੍ਰਵਾਨ ਕਰੇ। ਇਸ ਮੌਕੇ ਜ਼ਿਲ੍ਹਾ ਚੇਅਰਪਰਸਨ ਜਸਵਿੰਦਰ ਕੌਰ ਅਤੇ ਬਲਾਕ ਪ੍ਰਧਾਨ ਅਮਰਜੀਤ ਕੌਰ ਨੇ ਦੱਸਿਆ ਕਿ ਪਿੰਡਾਂ ਵਿਚ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਸਹੂਲਤਾਂ ਦੇਣ ਲਈ ਉਨ੍ਹਾਂ ਦੀ ਆਈਡੀ ਅਤੇ ਡਾਟਾ ਭੇਜਣਾ ਪੈਂਦਾ ਹੈ। ਜਿਸ ਲਈ ਆਂਗਣਵਾੜੀ ਵਰਕਰ ਆਪਣੇ ਮੋਬਾਈਲ ਦਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਆਪਣਾ ਨੈੱਟ ਪੈਕ ਫੂਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿਸ ਕਰਕੇ ਵਰਕਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਮੋਬਾਈਲ ਫੋਨ ਅਤੇ ਰੀਚਾਰਜ਼ ਪੈਕੇਜ ਮੁੱਹਈਆ ਕਰਵਾਇਆ ਜਾਵੇ।  ਉਨ੍ਹਾਂ ਨੇ ਅੱਜ ਰੋਸ਼ ਜਿਤਾਇਆ ਕਿ ਜਦੋਂ ਤੱਕ ਉਨ੍ਹਾਂ ਨੂੰ ਸਬੰਧਤ ਸੁਵਿਧਾ ਨਹੀਂ ਦਿੱਤੀ ਜਾਂਦੀ ਉਹ ਮੋਬਾਇਲ ਵੈਰੀਫਿਕੇਸ਼ਨ ਅਤੇ FRS ਦਾ ਕੰਮ ਨਹੀਂ ਕਰਨਗੇ । ਜਦੋਂ ਤੱਕ ਸਰਕਾਰ ਕੋਲੋਂ ਉਨ੍ਹਾਂ ਨੂੰ ਮੋਬਾਇਲ ਫੋਨ ਅਤੇ ਮੋਬਾਇਲ ਰੀਚਾਰਜ ਨਹੀ ਮਿਲਦਾ ਉਦੋਂ ਤੱਕ ਕੰਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ 166 ਰੁਪਏ ਪ੍ਰਤੀ ਮਹੀਨਾ ਮੋਬਾਇਲ ਰੀਚਾਰਜ ਦੇਣ ਦਾ ਵਾਅਦਾ ਕਰ ਰਹੀ ਹੈ। ਪ੍ਰੰਤੂ ਕੋਈ ਕੰਪਨੀ 166 ਰੁਪਏ ਵਿੱਚ ਮਹੀਨੇ ਦਾ ਰੀਚਾਰਜ ਨਹੀਂ ਕਰਦੀ। ਜਦੋਂ ਤਕ ਪ੍ਰਤੀ ਵਰਕਰ ਮੋਬਾਇਲ ਫੋਨ ਅਤੇ ਪ੍ਰਤੀ ਮਹੀਨਾ ਮੋਬਾਇਲ ਰਿਚਾਰਜ ਨਹੀ ਮਿਲਦਾ। ਅਸੀ ਉਕਤ ਕੰਮ ਦਾ ਬਾਈਕਾਟ ਕਰਦੇ ਹਾਂ। ਜੇਕਰ ਕੋਈ ਸੁਪਰਵਾਈਜ਼ਰ ਜਬਰਦਸਤੀ ਪਿੰਡ ਵਿੱਚ ਜਾ ਕੇ ਸਾਡੀ ਕਿਸੇ ਵਰਕਰ ਤੋਂ ਧੱਕੇ ਨਾਲ ਕੰਮ ਕਰਵਾਉਂਦੀ ਹੈ ਤਾਂ ਯੂਨੀਅਨ ਉਸ ਸੁਪਰਵਾਈਜ਼ਰ ਦਾ ਪਿੰਡ ਜਾ ਕੇ ਵਿਰੋਧ ਕਰੇਗੀ। ਇਸ ਮੌਕੇ ਬਲਾਕ ਸੈਕਟਰੀ ਪਰਵਿੰਦਰ ਕੌਰ, ਖਜਾਨਚੀ ਹਰਜੀਤ ਕੌਰ ਸਮੇਤ ਸਮੂਹ ਸਰਕਲ ਪ੍ਰਧਾਨ ਅਤੇ ਆਂਗਣਵਾੜੀ ਵਰਕਰ, ਹੈਲਪਰਾਂ ਆਦਿ ਵੱਡੀ ਗਿਣਤੀ ਵਿੱਚ ਔਰਤਾਂ ਮੌਜੂਦ ਸਨ ।

Related Post