 
                                             ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਰਕਾਰ ਦੇ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ
- by Jasbeer Singh
- April 5, 2025
 
                              ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਸਰਕਾਰ ਦੇ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ - ਵਿਭਾਗੀ ਮੰਤਰੀ ਵੱਲੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਕੰਮ ਨੂੰ ਘਟਾ ਕੇ ਵੇਖਣਾ ਅਤੀ ਨਿੰਦਣਯੋਗ : ਅਮਰਜੀਤ ਕੌਰ ਘਨੌਰ 5 ਅਪ੍ਰੈਲ : ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਬਲਾਕ ਪ੍ਰਧਾਨ ਅਮਰਜੀਤ ਕੌਰ ਅਤੇ ਜਨਰਲ ਸਕੱਤਰ ਪਰਵਿੰਦਰ ਕੌਰ ਦੀ ਸਾਂਝੀ ਅਗਵਾਈ ਹੇਠ ਬਲਾਕ ਘਨੌਰ ਦੇ ਵੱਖ-ਵੱਖ ਸੈਂਟਰਾਂ ਵਿਚੋਂ ਆਈਆਂ ਦਰਜਨਾਂ ਆਂਗਣਵਾੜੀ ਵਰਕਰਾਂ ਨੇ ਇਕੱਠੇ ਹੋ ਕੇ ਬਾਲ ਵਿਕਾਸ ਪ੍ਰੋਜੈਕਟ ਦਫਤਰ ਅਲਾਮਦੀਪੁਰ ਦੇ ਗੇਟ ਮੂਹਰੇ ਧਰਨਾ ਲਗਾ ਕੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀਆਂ ਕਾਪੀਆਂ ਸਾੜੀਆਂ ਅਤੇ ਆਪਣਾ ਰੋਸ਼ ਜ਼ਾਹਿਰ ਕੀਤਾ । ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਅਮਰਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੇ ਨਾਮ ਨਾਲ ਆਈ ਸੀ ਪਰ ਪੇਸ਼ ਕੀਤਾ ਗਿਆ ਬਜਟ ਆਮ ਆਦਮੀ ਵਾਲਾ ਨਹੀਂ ਹੈ । ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੁਝ ਗਰੰਟੀਆਂ ਕੀਤੀਆਂ ਸਨ, ਜਿਸ ਵਿੱਚ ਆਂਗਣਵਾੜੀ ਵਰਕਰ ਹੈਲਪਰ ਦੇ ਮਾਣ ਭੱਤੇ ਨੂੰ ਦੁਗਣਾ ਕਰਨਾ ਵੀ ਸ਼ਾਮਿਲ ਸੀ। ਪਰ ਵਿਭਾਗੀ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਭਰੇ ਸਦਨ ਵਿੱਚ ਆਂਗਣਵਾੜੀ ਵਰਕਰਾਂ ਦੇ ਕੰਮ ਦੇ ਘੰਟੇ ਘਟਾ ਕੇ ਪੇਸ਼ ਕਰਨੇ ਬਹੁਤ ਹੀ ਨਿੰਦਣਯੋਗ ਗੱਲ ਹੈ । ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਵੇਰ ਤੋਂ ਲੈ ਕੇ ਸੌਣ ਤੱਕ ਤਰ੍ਹਾਂ ਤਰ੍ਹਾਂ ਦੀਆਂ ਰਿਪੋਰਟਾਂ ਦਿਨ ਭਰ ਮੰਗੀਆਂ ਜਾਂਦੀਆਂ ਹਨ। ਕਦੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਕਦੇ ਬਾਲ ਵਿਕਾਸ ਅਤੇ ਇਸਤਰੀ ਸੁਰੱਖਿਆ ਨਾਲ ਸੰਬੰਧਿਤ ਅਸੀਂ ਮਾਨਯੋਗ ਮੰਤਰੀ ਸਾਹਿਬਾਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਤੋਂ ਚਾਰ ਘੰਟੇ ਹੀ ਕੰਮ ਕਰਾਂਗੇ ਅਤੇ ਚਾਰ ਘੰਟੇ ਬਾਅਦ ਵਿਭਾਗ ਦਾ ਕੋਈ ਵੀ ਅਧਿਕਾਰੀ ਰਿਪੋਰਟ ਨਹੀਂ ਮੰਗੇਗਾ ਕਿਉਂਕਿ ਸਾਨੂੰ ਮਾਣਭੱਤਾ ਚਾਰ ਘੰਟੇ ਦੇ ਕੰਮ ਦਾ ਦਿੱਤਾ ਜਾ ਰਿਹਾ ਹੈ । ਮੰਤਰੀ ਸਾਹਿਬਾਨ ਵੱਲੋਂ ਇੱਕ ਗੱਲ ਨੂੰ ਅੱਖੋਂ ਭਰੋਖੇ ਰੱਖਿਆ ਗਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਦੇਸ਼ ਜਾਰੀ ਹੈ ਕਿ ਘੱਟੋ ਘੱਟ ਉਜਰਤ ਆਂਗਨਵਾੜੀ ਵਰਕਰ-ਹੈਲਪਰ ਨੂੰ ਦਿੱਤੀ ਜਾਵੇ। ਪੰਜਾਹ ਵਰੇ ਸਕੀਮ ਪੂਰੇ ਕਰਨ ਜਾ ਰਹੀ ਹੈ। ਫਿਰ ਵੀ 50 ਵਰ੍ਹੇ ਕੰਮ ਕਰਕੇ ਵਰਕਰ ਹੈਲਪਰ ਮਾਣਭੱਤੇ ਤੇ ਹਨ । ਇਸ ਤੋਂ ਹੋਰ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ। ਇੱਕ ਪਾਸੇ ਨਾਰੀ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦੀ ਹੈ । ਪਰ ਜਿਹੜੀਆਂ ਨਾਰੀਆਂ ਕੁੱਖ ਤੋਂ ਬਾਲ ਸੰਭਾਲਣ ਦੀ, ਸਿਹਤ ਸੰਭਾਲ, ਅਧਿਆਪਕ ਦੀ ਕੋਆਰਡੀਨੇਟਰ ਦੀ ਗ੍ਰਾਮ ਸੇਵਿਕਾ ਦੇ ਰੂਪ ਵਿੱਚ ਮਲਟੀਪਲ ਸੇਵਾਵਾਂ ਨਿਭਾ ਰਹੀਆਂ ਹਨ । ਉਹਨਾਂ ਨਾਰੀਆਂ ਨੂੰ ਅੱਜ ਵੀ ਮਾਣਭੱਤੇ ਤੇ ਕੰਮ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਡਿਊਟੀ ਵਿੱਚ ਹਾਜ਼ਰ ਰਹਿਣ ਵਾਲਿਆਂ ਨੂੰ ਚਾਰ ਘੰਟੇ ਕਹਿ ਕੇ ਉਹਨਾਂ ਦੇ ਕੰਮ ਨੂੰ ਛੋਟਾ ਆਖਣਾ ਵਿਭਾਗੀ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਜਿਨ੍ਹਾਂ ਨੇ ਅੱਜ ਬਲਾਕ ਦੇ ਸੀਡੀਪੀਓ ਰਾਹੀਂ ਮੰਗ ਪੱਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਭੇਜਿਆ ਗਿਆ। ਜਿਸ ਵਿੱਚ ਫੋਟੋ ਕੈਪਚਰ ਕਰਕੇ ਬੱਚਿਆਂ ਦੀ ਹਾਜ਼ਰੀ ਲਵਾਉਣਾ ਅਤੇ ਫੇਸ ਆਈਡੀ ਦੇ ਤਹਿਤ ਆਂਗਣਵਾੜੀ ਵਿੱਚ ਦਿੱਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੀਸ਼ਨ ਦੇਣ ਦਾ ਪੂਰਾ ਵਿਰੋਧ ਜਤਾਇਆ ਗਿਆ। ਉਹਨਾਂ ਪ੍ਰੈਸ ਨੂੰ ਦੱਸਿਆ ਕਿ ਫੇਸ ਆਈਡੀ ਓਟੀਪੀ ਜਿਸ ਦੇ ਨਾਲ ਸਰਬਜਨਿਕ ਡਾਟਾ ਹੋ ਰਿਹਾ ਹੈ ਅਤੇ ਬਹੁਤ ਥਾਵਾਂ ਤੇ ਇਸ ਦਾ ਨੁਕਸਾਨ ਵੀ ਹੋਇਆ ਹੈ ਅਤੇ ਲੋਕ ਓਟੀਪੀ ਦੇਣ ਨੂੰ ਤਿਆਰ ਨਹੀਂ ਹਨ ਮਹਿਕਮੇ ਅਤੇ ਲੋਕਾਂ ਦੇ ਵਿਚਾਲੇ ਆਂਗਣਵਾੜੀ ਵਰਕਰਾਂ ਪਿਸ ਰਹੀਆਂ ਹਨ ਅਤੇ ਇਸ ਨਾਲ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਸਰਕਾਰ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਪਹਿਲਾਂ ਸਰਕਾਰ ਵੱਲੋਂ ਆਧਾਰ ਲਿੰਕ ਕਰਵਾਏ ਗਏ ਜਦੋਂ ਕਿ ਸੁਪਰੀਮ ਕੋਰਟ ਦੇ ਹੁਕਮ ਹਨ ਆਧਾਰ ਲਿੰਕ ਜਾਂ ਪਰੂਫਾਂ ਦੇ ਆਧਾਰ ਤੇ ਕਿਸੇ ਦੇ ਵੀ ਅਧਿਕਾਰ ਨੂੰ ਰੋਕਿਆ ਨਹੀਂ ਜਾ ਸਕਦਾ। ਸਪਲੀਮੈਂਟਰੀ ਨਿਊਟਰੇਸ਼ਨ ਬੱਚਿਆਂ ਦਾ ਸੰਵਿਧਾਨਿਕ ਅਧਿਕਾਰ ਹੈ ਅਤੇ ਆਈ.ਸੀ.ਡੀ.ਐਸ ਸਕੀਮ ਦੁਆਰਾ ਜ਼ੀਰੋ ਤੋਂ ਲੈ ਕੇ ਛੇ ਸਾਲ ਤੱਕ ਦੇ ਬੱਚਿਆਂ ਨੂੰ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ । ਇਸ ਮੌਕੇ ਅਮਰਜੀਤ ਕੌਰ ਤੋਂ ਇਲਾਵਾ ਪ੍ਰੋਗਰਾਮ ਨੂੰ ਪਰਵਿੰਦਰ ਕੌਰ ਅਤੇ ਹੋਰ ਸਮੂਹ ਵਰਕਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਸਰਕਲ ਪ੍ਰਧਾਨਾਂ ਸਮੇਤ ਜਗਜੀਤ ਕੌਰ, ਹਰਜੀਤ ਕੌਰ, ਬਲਜੀਤ ਕੌਰ, ਗੁਰਸ਼ਰਨ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਕੁਲਵੀਰ ਕੌਰ, ਪ੍ਰਭਜੋਤ ਕੌਰ ਆਦਿ ਮੌਜੂਦ ਸਨ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     