
ਡੀ.ਸੀ ਸੰਦੀਪ ਰਿਸ਼ੀ ਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ
- by Jasbeer Singh
- October 14, 2024

‘ਗ੍ਰਾਮ ਪੰਚਾਇਤ ਚੋਣਾਂ-2024’ ਡੀ.ਸੀ ਸੰਦੀਪ ਰਿਸ਼ੀ ਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਲਾਜ਼ਮੀ ਵਰਤੋਂ ਕਰਨ ਦੀ ਅਪੀਲ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਸਮੇਤ ਰਵਾਨਾ, 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਪੈਣਗੀਆਂ ਵੋਟਾਂ ਸੰਗਰੂਰ, 14 ਅਕਤੂਬਰ : ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਜ਼ਿਲ੍ਹਾ ਵਾਸੀਆਂ ਨੂੰ ਗ੍ਰਾਮ ਪੰਚਾਇਤ ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਵੋਟ ਜ਼ਰੂਰ ਪਾਉਣ ਦੀ ਅਪੀਲ ਕੀਤੀ ਹੈ । ਜ਼ਿਲ੍ਹਾ ਚੋਣਕਾਰ ਅਫ਼ਸਰ ਸੰਦੀਪ ਰਿਸ਼ੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਚੋਣਾਂ ਦੇ ਸਮੁੱਚੇ ਅਮਲ ਨੂੰ ਪਾਰਦਰਸ਼ੀ ਪ੍ਰਣਾਲੀ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਉਣ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੋਲਿੰਗ ਪਾਰਟੀਆਂ ਅੱਜ ਚੋਣ ਸਮੱਗਰੀ ਸਮੇਤ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋ ਗਈਆਂ ਹਨ । ਜ਼ਿਲ੍ਹਾ ਚੋਣਕਾਰ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਨੂੰ ਮੁੱਖ ਰਖਦਿਆਂ 15 ਅਕਤੂਬਰ ਦਿਨ ਮੰਗਲਵਾਰ ਨੂੰ ਗਜ਼ਟਿਡ ਛੁੱਟੀ ਘੋਸ਼ਿਤ ਕੀਤੀ ਗਈ ਹੈ ਤਾਂ ਜੋ ਸਾਰੇ ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕਣ । ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ 5478 ਅਧਿਕਾਰੀ ਤੇ ਕਰਮਚਾਰੀ ਚੋਣ ਅਮਲੇ ਵਜੋਂ ਸੇਵਾਵਾਂ ਨਿਭਾਉਣਗੇ। ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਕੁੱਲ 787 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 2718 ਉਮੀਦਵਾਰ ਪੰਚ ਦੇ ਅਹੁਦੇ ਲਈ ਅਤੇ 1044 ਉਮੀਦਵਾਰ ਸਰਪੰਚ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 38 ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਨੇਪਰੇ ਚੜ੍ਹ ਚੁੱਕੀ ਹੈ ।