
ਲੂ ਤੋਂ ਬਚਾਅ ਲਈ ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ – ਇਸ਼ਾ ਸਿੰਗਲ
- by Jasbeer Singh
- June 12, 2025

ਲੂ ਤੋਂ ਬਚਾਅ ਲਈ ਜਨਤਾ ਨੂੰ ਸਾਵਧਾਨ ਰਹਿਣ ਦੀ ਅਪੀਲ – ਇਸ਼ਾ ਸਿੰਗਲ ਹੀਟ ਵੇਵ ‘ ਤੇ ਜਾਗਰੂਕਤਾ ਲਈ ਐਡਵਾਈਜ਼ਰੀ ਜਾਰੀ ਪਟਿਆਲਾ 12 ਜੂਨ : ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਲੂ ਦੀ ਤੀਬਰਤਾ ਨੂੰ ਦੇਖਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ(ਜ) ਇਸ਼ਾ ਸਿੰਗਲ ਨੇ ਲੋਕਾਂ ਨੂੰ ਅਗਾਹ ਕਰਦੇ ਹੋਏ ਕਿਹਾ ਕਿ ਹੀਟ ਵੇਵ ਦੇ ਬਚਾਅ ਲਈ ਜਾਗਰੂਕਤਾ ਅਤੇ ਸਾਵਧਾਨੀ ਬਹੁਤ ਜਰੂਰੀ ਹੈ । ਉਹਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਮੌਸਮ ਦੌਰਾਨ ਲਗਾਤਾਰ ਦਿਨ ਦਾ ਤਾਪਮਾਨ ਵੱਧਣ ਦੇ ਅਸਾਰ ਹਨ ਇਸ ਲਈ ਲੋਕਾਂ ਨੂੰ ਆਪਣੀ ਸਿਹਤ ਦੀ ਰੱਖਿਆ ਲਈ ਖਾਸ ਤੌਰ ‘ ਤੇ ਸਚੇਤ ਰਹਿਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਗਰਮੀ ਤੋਂ ਬਚਣ ਲਈ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ , ਗੁਲੂਕੋਜ਼ ਵਾਲੇ ਪਦਾਰਥ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ । ਉਹਨਾਂ ਇਹ ਵੀ ਅਪੀਲ ਕੀਤੀ ਕਿ ਜੇਕਰ ਘਰੋਂ ਬਾਹਰ ਰਹਿਣਾ ਜਰੂਰੀ ਹੋਵੇ ਤਾਂ ਉਹ ਸਥਾਨਕ ਸ਼ੈਲਟਰ ਸੇਵਾਵਾਂ ਦੀ ਵਰਤੋਂ ਜਰੂਰ ਕਰਨ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਤਾ ਇਹ ਯਕੀਨੀ ਬਣਾਏ ਕਿ ਜਦੋਂ ਵੀ ਘਰੋਂ ਬਾਹਰ ਨਿਕਲਣ ਉਹ ਤਿੱਖੀ ਧੁੱਪ ਤੋਂ ਬਚਣ ਲਈ ਹਮੇਸ਼ਾ ਹਲਕੇ ਰੰਗ ਦੇ ਸੂਤੀ ਕੱਪੜੇ ਪਾਉਣ, ਛਤਰੀ , ਸਨਗਲਾਸਿਜ਼ ਅਤੇ ਬੰਦ ਜੂਤੇ ਦੀ ਵਰਤੋਂ ਕਰਨ। ਉਹਨਾਂ ਕਿਹਾ ਕਿ ਬਜੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਗਰਮੀ ਲੱਗਣ ਦਾ ਜਿਆਦਾ ਖ਼ਤਰਾ ਹੁੰਦਾ ਹੈ, ਇਸ ਲਈ ਗਰਮੀ ਦੇ ਦਿਨਾਂ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ 10 ਵਜੇ ਤੋਂ ਬਾਅਦ ਬੱਚਿਆਂ ਨੂੰ ਧੁੱਪ ਵਿੱਚ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ । ਜ਼ਿਲ੍ਹਾ ਐਪੀਡੋਮੋਲੋਜਿਸਟ ਡਾ: ਸੁਮੀਤ ਸਿੰਘ ਨੇ ਦੱਸਿਆ ਕਿ ਲੂ ਲੱਗਣ ਕਾਰਨ ਸਰੀਰ ਵਿਚੋਂ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਅੰਦਰੂਨੀ ਤਾਪਮਾਨ ਵੱਧ ਜਾਂਦਾ ਹੈ । ਜਿਸ ਕਰਕੇ ਵਿਅਕਤੀ ਥੋੜਾ ਜਿਹਾ ਕੰਮ ਕਰਨ ‘ ਤੇ ਵੀ ਬਹੁਤ ਜਿਆਦਾ ਥਕਾਨ ਮਹਿਸੂਸ ਕਰਦਾ ਹੈ । ਉਹਨਾਂ ਕਿਹਾ ਕਿ ਲੂ ਦੇ ਲੱਛਣਾਂ ਵਿੱਚ ਪਸੀਨਾ ਆਊਣਾ ਤੇ ਥਕਾਨ ਹੋਣਾ , ਸਿਰਦਰਦ ਤੇ ਊਲਟੀਆਂ ਲੱਗਣੀਆਂ, ਬੇਚੈਨੀ, ਚਿੜਚਿੜਾਪਨ , ਦਿਲ ਦੀ ਧੜਕਣ ਵੱਧਣਾ ਆਦਿ ਵਰਗੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ ਅਤੇ ਇਸ ਤੋਂ ਵੀ ਵੱਧ ਗੰਭੀਲਰ ਸਥਿਤੀ ਹੋਣ ਤੇ ਕਈ ਵਾਰੀ ਮਾਸਪੇਸ਼ੀਆਂ ਵਿੱਚ ਵੀ ਖਿੱਚ , ਬੇਹੋਸ਼ੀ ਅਤੇ ਹੀਟ ਸਟ੍ਰੋਕ ਵਜੋਂ ਗੰਭੀਰ ਸਥਿਤੀਆਂ ਹੋ ਸਕਦੀਆਂ ਹਨ ਜੋ ਕਿ ਜਾਨਲੇਵਾ ਵੀ ਹੋ ਸਕਦੀਆਂ ਹਨ । ਇਸ ਲਈ ਉਹਨਾਂ ਲੋਕਾਂ ਨੂੰ ਘਰਾਂ ਵਿਚੋਂ ਘੱਟ ਨਿਕਲਣ ਦੀ ਅਪੀਲ ਕੀਤੀ । ਇਸ ਮੌਕੇ ਜ਼ਿਲ੍ਹਾ ਮਾਲ ਅਫਸਰ ਨਵਦੀਪ ਸਿੰਘ , ਸਿਵਲ ਸਰਜਨ ਡਾ: ਜਗਪਾਲਇੰਦਰ ਸਿੰਘ, ਐਪੀਡੋਮੋਲੋਜ਼ਿਸਟ ਡਾ: ਸੁਮੀਤ ਸਿੰਘ, ,ਡੀ.ਈ.ਓ.ਸ਼ਾਲੂ ਮਹਿਰਾ , ਡੀ.ਪੀ.ਓ.ਸਨਦੀਪ ਸਿੰਘ, ਲੇਬਰ ਇਨਸਪੈਕਟਰ ਹਰਮਨਪ੍ਰੀਤ ਕੌਰ, ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।