 
                                              
                              ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਅਰਜਨਟੀਨਾ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਐੱਫਆਈਐਚ ਪ੍ਰੋ ਲੀਗ ਦੇ ਬੈਲਜੀਅਮ ਗੇੜ ਵਿੱਚ ਭਾਰਤੀ ਮਹਿਲਾ ਟੀਮ ਦੀ ਹਾਰ ਦਾ ਸਿਲਸਿਲਾ ਜਾਰੀ ਰਿਹਾ। ਅਰਜਨਟੀਨਾ ਲਈ ਸੇਲੀਨਾ ਡੀ ਸੈਂਟੋ ਨੇ ਪਹਿਲੇ ਮਿੰਟ), ਮਾਰੀਆ ਕੈਂਪੋਏ ਨੇ 39ਵੇਂ ਮਿੰਟ ਅਤੇ ਮਾਰੀਆ ਗ੍ਰਾਨਾਟੋ ਨੇ 47ਵੇਂ ਮਿੰਟ ਵਿੱਚ ਗੋਲ ਕੀਤੇ। ਸਾਂਟੋ ਨੇ ਦੇ ਗੋਲ ਦੀ ਮਦਦ ਨਾਲ ਅਰਜਨਟੀਨਾ ਨੇ ਪਹਿਲੇ ਮਿੰਟ ਵਿੱਚ ਹੀ ਲੀਡ ਲੈ ਲਈ। ਇਸ ਤੋਂ ਬਾਅਦ ਅਰਜਨਟੀਨਾ ਦਾ ਦਬਾਅ ਜਾਰੀ ਰਿਹਾ ਜਦਕਿ ਭਾਰਤ ਸੰਘਰਸ਼ ਕਰਦਾ ਰਿਹਾ। ਭਾਰਤ ਨੇ ਕੁਝ ਪਾਸ ਬਣਾਉਣੇ ਸ਼ੁਰੂ ਕੀਤੇ ਪਰ ਗੋਲ ਕਰਨ ਵਿੱਚ ਨਾਕਾਮਯਾਬ ਰਿਹਾ। ਅਰਜਨਟੀਨਾ ਨੇ ਦੂਜੇ ਕੁਆਰਟਰ ਵਿੱਚ ਵੀ ਦਬਦਬਾ ਬਣਾ ਕੇ ਕਈ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਗੋਲ ਨਹੀਂ ਕਰ ਸਕਿਆ। ਤੀਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਕੋਈ ਗੋਲ ਨਹੀਂ ਹੋ ਸਕਿਆ। ਅਰਜਨਟੀਨਾ ਨੂੰ 39ਵੇਂ ਮਿੰਟ ਵਿੱਚ ਮੁੜ ਸਫਲਤਾ ਮਿਲੀ। ਉਸ ਨੇ ਕੈਂਪੋਏ ਦੇ ਗੋਲ ਦੀ ਮਦਦ ਨਾਲ ਲੀਡ ਦੁੱਗਣੀ ਕਰ ਲਈ। ਭਾਰਤ ਨੂੰ ਇਸ ਕੁਆਰਟਰ ਦੇ ਆਖਰੀ ਮਿੰਟਾਂ ’ਚ ਮੁੜ ਗੋਲ ਕਰਨ ਦਾ ਮੌਕਾ ਮਿਲਿਆ ਪਰ ਨਵਨੀਤ ਕੌਰ ਦੀ ਕੋਸ਼ਿਸ਼ ਨੂੰ ਬਾਰਬੇਰੀ ਨੇ ਰੋਕ ਦਿੱਤਾ। ਆਖ਼ਰੀ ਕੁਆਰਟਰ ਸ਼ੁਰੂ ਹੁੰਦੇ ਹੀ ਅਰਜਨਟੀਨਾ ਨੂੰ ਪੈਨਲਟੀ ਕਾਰਨਰ ਮਿਲਿਆ ਅਤੇ ਗ੍ਰਾਨਾਟੋ ਨੇ ਅਗਸਟੀਨਾ ਗੋਰਜ਼ੇਲਾਨੀ ਦੀ ਫਲਿੱਕ ਨੂੰ ਗੋਲ ਵਿੱਚ ਬਦਲ ਕੇ ਆਪਣੀ ਲੀਡ ਵਧਾ ਦਿੱਤੀ ਅਤੇ ਮੈਚ ਜਿੱਤ ਲਿਆ। ਭਾਰਤੀ ਮਹਿਲਾ ਹਾਕੀ ਟੀਮ ਹੁਣ ਲੰਡਨ ਵਿੱਚ ਪਹਿਲੀ ਜੂਨ ਨੂੰ ਆਪਣੇ ਅਗਲੇ ਮੈਚ ’ਚ ਜਰਮਨੀ ਨਾਲ ਭਿੜੇਗੀ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     