
ਆਰਟਸਪਾਇਰ ਸ਼ਿਵਾਨੀ ਵੱਲੋਂ ਪਟਿਆਲੇ ਵਿੱਚ ਬੱਚਿਆਂ ਲਈ 8 ਦਿਨਾਂ ਆਰਟ ਤੇ ਪੇਂਟਿੰਗ ਕੈਂਪ ਦਾ ਸਫਲ ਆਯੋਜਨ
- by Jasbeer Singh
- June 10, 2025

ਆਰਟਸਪਾਇਰ ਸ਼ਿਵਾਨੀ ਵੱਲੋਂ ਪਟਿਆਲੇ ਵਿੱਚ ਬੱਚਿਆਂ ਲਈ 8 ਦਿਨਾਂ ਆਰਟ ਤੇ ਪੇਂਟਿੰਗ ਕੈਂਪ ਦਾ ਸਫਲ ਆਯੋਜਨ ਪਟਿਆਲਾ, 10 ਜੂਨ : ਬੱਚਿਆਂ ਦੀ ਰਚਨਾਤਮਕ ਸੋਚ ਨੂੰ ਉਭਾਰਨ ਅਤੇ ਉਨ੍ਹਾਂ ਵਿੱਚ ਕਲਾਤਮਕ ਹੁਨਰ ਵਿਕਸਿਤ ਕਰਨ ਦੇ ਉਦੇਸ਼ ਨਾਲ, ਆਰਟਸਪਾਇਰ ਸ਼ਿਵਾਨੀ ਵੱਲੋਂ 8 ਦਿਨਾਂ ਆਰਟ ਤੇ ਪੇਂਟਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ 2 ਜੂਨ ਤੋਂ 10 ਜੂਨ ਤੱਕ ਡੈਫੋਡਿਲਜ਼ ਪਬਲਿਕ ਸਕੂਲ, ਜੁਝਾਰ ਨਗਰ, ਪਟਿਆਲਾ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪਟਿਆਲੇ ਦੇ ਕਈ ਇਲਾਕਿਆਂ ਤੋਂ ਬੱਚਿਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਆਰਟਸਪਾਇਰ ਦੀ ਸੰਸਥਾਪਕ ਅਤੇ ਆਯੋਜਕ ਸ਼ਿਵਾਨੀ ਨੇ ਖੁਦ ਬੱਚਿਆਂ ਨੂੰ ਨਵੇਂ-ਨਵੇਂ ਆਰਟ ਰੂਪ ਸਿਖਾਏ। ਉਨ੍ਹਾਂ ਨੇ ਬੱਚਿਆਂ ਨੂੰ ਮੋਨੋਕ੍ਰੋਮ ਆਰਟ, ਬੋਹੋ ਆਰਟ, ਵਾਰਲੀ ਆਰਟ, ਆਇਲ ਪੈਸਟਲ ਨਾਲ ਚਿਤਰਕਾਰੀ, ਬੋਤਲ ਪੇਂਟਿੰਗ, ਫੋਟੋ ਫਰੇਮ ਬਣਾਉਣਾ ਅਤੇ ਭਾਰਤੀ ਪਰੰਪਰਾਗਤ ਦੀਵਾ ਪੇਂਟਿੰਗ ਵਰਗੀਆਂ ਕਲਾਵਾਂ ਨਾਲ ਜਾਣੂ ਕਰਵਾਇਆ। ਕੈਂਪ ਦੇ ਅੰਤਿਮ ਦਿਨ ਬੱਚਿਆਂ ਦੀ ਕਲਾਤਮਕ ਕਾਬਲੀਅਤ ਅਤੇ ਉਨ੍ਹਾਂ ਦੀ ਭਾਗੀਦਾਰੀ ਦੀ ਖੁੱਲ੍ਹੀ ਦਿਲੋਂ ਸਰੀਹਨਾ ਕੀਤੀ ਗਈ। ਆਰਟਸਪਾਇਰ ਦੀ ਸੰਸਥਾਪਕ ਸ਼ਿਵਾਨੀ ਨੇ ਡੈਫੋਡਿਲਜ਼ ਗਰੁੱਪ ਆਫ ਸਕੂਲਜ਼ ਦੇ ਮੈਨੇਜਿੰਗ ਡਾਇਰੈਕਟਰ ਸ. ਹਰਪ੍ਰੀਤ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਕੈਂਪ ਕਰਵਾਉਣ ਲਈ ਪੂਰੀ ਸਹਿਯੋਗ ਦਿੱਤਾ ਅਤੇ ਮੰਚ ਉਪਲਬਧ ਕਰਵਾਇਆ। ਇਹ ਕੈਂਪ ਬੱਚਿਆਂ ਲਈ ਇਕ ਅਨੋਖਾ ਅਨੁਭਵ ਸਾਬਤ ਹੋਇਆ, ਜਿਸ ਰਾਹੀਂ ਉਨ੍ਹਾਂ ਨੇ ਸਿੱਖਣ ਨਾਲ-ਨਾਲ ਆਪਣੀ ਰੁਚੀ ਅਤੇ ਕਲਾਤਮਕ ਹੁਨਰ ਨੂੰ ਵੀ ਨਿਖਾਰਿਆ।