

ਸਹਾਇਕ ਪ੍ਰੋਫੈਸਰਾਂ ਵੱਲੋਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਸਰਕਾਰ ਕੱਚੇ ਅਧਿਆਪਕ ਪੱਕੇ ਕਰਨ ਦਾ ਵਾਅਦਾ ਨਿਭਾਵੇ : ਅਧਿਆਪਕ ਆਗੂ ਘਨੌਰ : ਪੰਜਾਬੀ ਯੂਨੀਵਰਸਿਟੀ ਦੇ ਕੰਟਰਕੈਕਟ ਅਧਿਆਪਕਾਂ ਦੀ ਜਥੇਬੰਦੀ ਪੁਕਟਾ ਨੇ 'ਕੱਚੇ ਅਧਿਆਪਕ ਪੱਕੇ ਕਰੋ' ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਮੋਰਚਾ ਖੋਲ੍ਹਦਿਆਂ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ । ਅੱਜ ਪੰਜਵੇਂ ਦਿਨ ਵੀ ਯੂਨੀਵਰਸਿਟੀ ਦੇ 14 ਕਾਂਸਟੀਚਿਉਐਂਟ ਕਾਲਜਾਂ, ਨੇਬਰਹੁੱਡ ਕੈਂਪਸਾਂ, ਰੀਜਨਲ ਸੈਂਟਰਾਂ ਅਤੇ ਯੂਨੀਵਰਸਿਟੀ ਕੈਂਪਸ ਵਿਚ ਕੰਮ ਕਰਦੇ ਸਹਾਇਕ ਪ੍ਰੋਫੈਸਰ ਆਪੋ ਆਪਣੇ ਕਾਲਜਾਂ ਅਤੇ ਕੈਂਪਸਾਂ ਵਿੱਚ ਕਲਾਸਾਂ ਦਾ ਬਾਈਕਾਟ ਕਰਕੇ ਧਰਨੇ ਵਿੱਚ ਸ਼ਾਮਿਲ ਹੋਏ । ਯੂਨੀਵਰਸਿਟੀ ਕਾਲਜ ਘਨੌਰ ਦੇ ਆਗੂ ਡਾ. ਤਰਨਜੀਤ ਕੌਰ ਨੇ ਦੱਸਿਆ ਹੈ ਕਿ ਓਹ ਪਿਛਲੇ 11-12 ਸਾਲਾਂ ਤੋਂ ਯੂਨੀਵਰਸਿਟੀ ਦੇ ਵੱਖ ਵੱਖ ਅਦਾਰਿਆਂ ਵਿੱਚ ਕੰਟਰੈਕਟ ਆਧਾਰ ਤੇ ਕੰਮ ਕਰ ਰਹੇ ਹਨ, ਇਸ ਦੌਰਾਨ ਪੰਜਾਬ ਵਿੱਚ ਤਿੰਨ ਸਰਕਾਰਾਂ ਬਦਲ ਗਈਆਂ ਪਰ ਕਿਸੇ ਵੀ ਸਰਕਾਰ ਨੇ ਓਹਨਾਂ ਨੂੰ ਪੱਕਾ ਨਹੀਂ ਕੀਤਾ । ਏਥੋਂ ਤੱਕ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਰੈਗੁਲਰ ਅਧਿਆਪਕਾਂ ਲਈ ਤਾਂ ਸੱਤਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਪਰ ਓਹਨਾਂ ਨੂੰ ਅਜੇ ਵੀ ਛੇਂਵੇਂ ਤਨਖਾਹ ਕਮਿਸ਼ਨ ਮੁਤਾਬਕ ਹੀ ਤਨਖਾਹ ਦਿੱਤੀ ਜਾ ਰਹੀ ਹੈ । ਡਾ. ਤਰਨਜੀਤ ਕੌਰ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਕੱਚੇ ਮੁਲਾਜਮ ਪੱਕੇ ਕਰਨ ਦਾ ਵਾਅਦਾ ਕਰਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਤਾਂ ਓਹਨਾਂ ਨੂੰ ਵੀ ਪੱਕੇ ਹੋਣ ਦੀ ਆਸ ਬੱਝੀ ਸੀ ਪਰ ਅਜੇ ਤੱਕ ਏਸ ਸਰਕਾਰ ਨੇ ਵੀ ਆਪਣਾ ਵਾਅਦਾ ਵਫਾ ਨਹੀਂ ਕੀਤਾ। ਅਧਿਆਪਕਾਂ ਦੀ ਪੁਰਜ਼ੋਰ ਮੰਗ ਹੈ ਕਿ ਓਹ ਆਪਣੀ ਜਿੰਦਗੀ ਦਾ ਇੱਕ ਦਹਾਕੇ ਤੋਂ ਵੱਧ ਸਮਾਂ ਯੂਨੀਵਰਸਿਟੀ ਦੇ ਅਦਾਰਿਆਂ ਨੂੰ ਦੇ ਚੁੱਕੇ ਹਨ, ਇਸ ਕਰਕੇ ਹੁਣ ਓਹਨਾਂ ਨੂੰ ਸਰਕਾਰ ਵੱਲੋਂ ਇਕ ਪਾਲਿਸੀ ਬਣਾ ਕੇ ਪੱਕਾ ਕੀਤਾ ਜਾਵੇ ਅਤੇ ਸੱਤਵਾਂ ਤਨਖਾਹ ਕਮਿਸ਼ਨ ਓਹਨਾਂ ਲਈ ਵੀ ਲਾਗੂ ਕੀਤਾ ਜਾਵੇ । ਡਾ. ਤਰਨਜੀਤ ਕੌਰ ਨੇ ਸੂਬਾ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਓਹਨਾਂ ਦੀਆਂ ਮੰਗਾਂ ਤੁਰੰਤ ਸਵੀਕਾਰ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਪ੍ਰੋ ਡਾ. ਪੁਸ਼ਪਿੰਦਰ ਸਿੰਘ, ਡਾ. ਸੰਜੀਵ ਕੁਮਾਰ, ਡਾ. ਪਾਇਲ ਜੈਨ. ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਆਦਰਸ਼ਪਾਲ ਸਿੰਘ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.