post

Jasbeer Singh

(Chief Editor)

Patiala News

ਨੌਜਵਾਨਾਂ ’ਤੇ ਹਮਲਾ: ਲੋਕਾਂ ਨੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਲਈ ਆਵਾਜਾਈ ਰੋਕੀ

post-img

ਨੌਜਵਾਨਾਂ ’ਤੇ ਹਮਲਾ: ਲੋਕਾਂ ਨੇ ਹਮਲਾਵਰਾਂ ਖ਼ਿਲਾਫ਼ ਕਾਰਵਾਈ ਲਈ ਆਵਾਜਾਈ ਰੋਕੀ ਸਮਾਣਾ, : ਪਿੰਡ ਕੋਟਲੀ ਵਿੱਚ ਦੇਰ ਰਾਤ ਇੱਕ ਧਾਰਮਿਕ ਸਮਾਗਮ ਦੀ ਤਿਆਰੀ ਕਰ ਰਹੇ ਨੌਜਵਾਨਾਂ ’ਤੇ ਪਿੰਡ ਫਤਿਹ ਮਾਜਰੀ ਦੇ ਦਰਜਨ ਭਰ ਲੋਕਾਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਪਿੰਡ ਵਾਸੀਆਂ ਨੇ ਚਾਰ ਜਣਿਆਂ ਨੂੰ ਕਾਰ ਸਣੇ ਕਾਬੂ ਕਰ ਮਵੀਕਲਾਂ ਪੁਲੀਸ ਹਵਾਲੇ ਕੀਤਾ, ਜਦੋਂ ਕਿ ਬਾਕੀ ਲੋਕ ਦੂਜੀ ਕਾਰ ਵਿੱਚ ਫਰਾਰ ਹੋ ਗਏ। ਪੁਲੀਸ ਵੱਲੋਂ ਕਾਰਵਾਈ ਕਰਨ ’ਚ ਢਿੱਲਮੱਠ ਸਮਝਦਿਆਂ ਪਿੰਡ ਵਾਸੀਆਂ ਨੇ ਰਾਤ ਕਰੀਬ 11 ਵਜੇ ਮਵੀ ਪੁਲੀਸ ਚੌਕੀ ਅੱਗੇ ਧਰਨਾ ਲਗਾ ਕੇ ਪਾਤੜਾਂ-ਸਮਾਣਾ ਸੜਕ ’ਤੇ ਜਾਮ ਲਗਾ ਦਿੱਤਾ। ਇਸ ਦੌਰਾਨ ਧਰਨਾਕਾਰੀਆਂ ਨੇ ਪੁਲੀਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਅੱਜ ਦੁਪਹਿਰ ਸਮੇਂ ਸਦਰ ਥਾਣੇ ਦੇ ਮੁਖੀ ਅਵਤਾਰ ਸਿੰਘ ਨੇ ਧਰਨੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਸਮਾਜ ਸੇਵੀ ਹਰਜਿੰਦਰ ਸਿੰਘ ਭਿੰਡੀ ਨਾਲ ਮਿਲ ਕੇ ਪਿੰਡ ਵਿੱਚ ਵਿਕਾਸ ਕਾਰਜ ਆਪਣੇ ਖਰਚੇ ’ਤੇ ਕਰਵਾ ਰਹੇ ਹਨ। ਦੇਰ ਰਾਤ ਪਿੰਡ ਦੇ ਨੌਜਵਾਨ ਮਾਤਾ ਦੇ ਮੇਲੇ ਸਬੰਧੀ ਉਸ ਥਾਂ ਦੀ ਸਫਾਈ ਕਰ ਰਹੇ ਸਨ ਕਿ ਪਿੰਡ ਫਤਿਹ ਮਾਜਰੀ ਦੇ ਸਤਿਗੁਰੂ ਸਿੰਘ ਸਣੇ ਦੋ ਕਾਰਾਂ ਵਿੱਚ ਮਾਰੂ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਜਦੋਂ ਕੰਮ ਕਰਦੇ ਨੌਜਵਾਨ ਉਨ੍ਹਾਂ ਨਾਲ ਉਲਝ ਗਏ ਤਾਂ ਪਿੰਡ ਦੇ ਸੈਂਕੜੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਕੁਝ ਹਮਲਾਵਰ ਤਾਂ ਫਰਾਰ ਹੋ ਗਏ, ਪਰ ਪਿੰਡ ਦੇ ਲੋਕਾਂ ਨੇ ਚਾਰ ਹਮਲਾਵਰਾਂ ਨੂੰ ਕਾਰ ਸਣੇ ਮੌਕੇ ’ਤੇ ਕਾਬੂ ਕਰ ਲਿਆ। ਝਗੜੇ ਸਬੰਧੀ ਮਵੀਕਲਾਂ ਪੁਲੀਸ ਨੂੰ ਇਤਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਹਮਲਾਵਰਾਂ ਦੇ ਪ੍ਰਤੀ ਪੱਖਪਾਤੀ ਰਵੱਈਆ ਅਪਣਾਉਂਦੇ ਹੋਏ ਸਮਾਜ ਸੇਵੀ ਹਰਜਿੰਦਰ ਸਿੰਘ ਭਿੰਡੀ ਨੂੰ ਧਾਰਾ 307 ਅਧੀਨ ਭਗੌੜਾ ਕਰਾਰ ਦੱਸਿਆ ਜਿਸ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਰਾਤ ਤੋਂ ਹੀ ਧਰਨਾ ਲਗਾ ਕੇ ਟਰੈਫਿਕ ਜਾਮ ਕਰ ਦਿੱਤਾ। ਇਸ ਕਾਰਨ ਕਰੀਬ 15 ਘੰਟੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ। ਇਸ ਸਬੰਧੀ ਥਾਣਾ ਸਦਰ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਭਿੰਡੀ ਖ਼ਿਲਾਫ਼ ਹਰਿਆਣਾ ਪੰਜਾਬ ਵਿੱਚ ਕਈ ਮਾਮਲੇ ਦਰਜ ਹਨ ਜਿਨਾਂ ਵਿੱਚ ਉਹ ਭਗੌੜਾ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਗ੍ਰਿਫਤਾਰੀ ਦੇ ਡਰੋਂ ਉਸ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ, ਪਰ ਪੁਲੀਸ ਹਿਰਾਸਤ ਵਿੱਚ ਲਏ ਚਾਰ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਧਰਨਾਕਾਰੀਆਂ ਖਿਲਾਫ ਟਰੈਫਿਕ ਵਿੱਚ ਵਿਘਨ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

Related Post