
ਸਮਰੱਥ ਮਿਸ਼ਨ ਤਹਿਤ "ਥਰਮਲ ਪਾਵਰ ਪਲਾਂਟ ’ਚ ਬਾਇਓ ਮਾਸ ਦੀ ਵਰਤੋਂ" ਵਿਸ਼ੇ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
- by Jasbeer Singh
- January 17, 2025

ਸਮਰੱਥ ਮਿਸ਼ਨ ਤਹਿਤ "ਥਰਮਲ ਪਾਵਰ ਪਲਾਂਟ ’ਚ ਬਾਇਓ ਮਾਸ ਦੀ ਵਰਤੋਂ" ਵਿਸ਼ੇ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਰਾਜਪੁਰਾ/ਪਟਿਆਲਾ, 17 ਜਨਵਰੀ : ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਸਹਿਯੋਗ ਨਾਲ ਮਿਸ਼ਨ ਸਮਰੱਥ ਤਹਿਤ "ਥਰਮਲ ਪਾਵਰ ਪਲਾਂਟਾਂ ਵਿੱਚ ਬਾਇਓ ਮਾਸ ਦੀ ਵਰਤੋਂ" ਵਿਸ਼ੇ 'ਤੇ ਇੱਕ ਰੋਜ਼ਾ ਸਿਖਲਾਈ -ਕਮ- ਜਾਗਰੂਕਤਾ ਪ੍ਰੋਗਰਾਮ ਰਾਜਪੁਰਾ ਵਿਖੇ ਕਰਵਾਇਆ ਗਿਆ । ਜਾਗਰੂਕਤਾ ਪ੍ਰੋਗਰਾਮ ਵਿੱਚ ਮਿਸ਼ਨ ਦੇ ਅਧਿਕਾਰੀਆਂ, 200 ਤੋਂ ਵੱਧ ਕਿਸਾਨਾਂ, ਐਫ. ਪੀ. ਓਜ਼., ਟੀ. ਪੀ. ਪੀ. ਅਧਿਕਾਰੀਆਂ, ਬੈਂਕਰਾਂ, ਉੱਦਮੀ ਅਤੇ ਪੈਲੇਟ ਬਣਾਉਣ ਵਾਲਿਆਂ ਨੇ ਭਾਗ ਲਿਆ । ਡਾਇਰੈਕਟਰ, ਐਨ. ਪੀ. ਟੀ. ਆਈ., ਨੰਗਲ ਡਾ. ਐਮ. ਰਵੀਚੰਦਰ ਬਾਬੂ ਨੇ ਸਵਾਗਤੀ ਭਾਸ਼ਣ ਦਿੰਦਿਆਂ ਮਿਸ਼ਨ ਦੇ ਉਦੇਸ਼ ਅਤੇ ਕਿਸਾਨਾਂ ਦੇ ਨਾਲ-ਨਾਲ ਥਰਮਲ ਪਾਵਰ ਪਲਾਂਟ ਵਿੱਚ ਪੈਲੇਟ ਮੈਨੂਫੈਕਚਰਿੰਗ ਦੇ ਫ਼ਾਇਦਿਆਂ ਬਾਰੇ ਚਾਨਣਾ ਪਾਇਆ । ਏ. ਜੀ. ਐਮ. ਐਨ. ਟੀ. ਪੀ. ਸੀ. ਤੇ ਸਮਰੱਥ ਮਿਸ਼ਨ ਮੈਂਬਰ ਮੁਹੰਮਦ ਨਿਜ਼ਾਮੁਦੀਨ ਨੇ ਸੰਬੋਧਨ ਕਰਦਿਆਂ ਬਾਇਓ ਮਾਸ ਦੀ ਉਪਲਬਧਤਾ ਅਤੇ ਸਪਲਾਈ ਚੇਨ ਪ੍ਰਬੰਧਨ ਦੇ ਤਕਨੀਕੀ ਅਤੇ ਵਿੱਤੀ ਪਹਿਲੂਆਂ 'ਤੇ ਚਰਚਾ ਕੀਤੀ। ਉਨ੍ਹਾਂ ਐਫ. ਪੀ. ਓਜ਼., ਨਵੇਂ ਉੱਦਮੀਆਂ ਨੂੰ ਇਸ ਖੇਤਰ ਵਿੱਚ ਕੰਮ ਕਰਨ ਲਈ ਵੀ ਉਤਸ਼ਾਹਿਤ ਕੀਤਾ । ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਰਾਜਪੁਰਾ ਵਿੱਚ ਬਾਇਓ ਮਾਸ ਦੀ ਉਪਲਬਧਤਾ ਬਾਰੇ ਚਾਨਣਾ ਪਾਇਆ, ਉਨ੍ਹਾਂ ਨੇ ਕਿਸਾਨਾਂ ਨੂੰ ਤਾਪ ਬਿਜਲੀ ਘਰ ਵਿੱਚ ਬਾਇਓ ਮਾਸ ਦੀ ਵਰਤੋਂ ਲਈ ਪਰਾਲੀ ਦੇ ਪੈਲੇਟ ਬਣਾਉਣ ਲਈ ਵੀ ਪ੍ਰੇਰਿਤ ਕੀਤਾ । ਐਸ. ਡੀ. ਐਮ., ਰਾਜਪੁਰਾ ਅਵਿਕੇਸ਼ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਕਿਸਾਨਾਂ ਅਤੇ ਉੱਦਮੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਸਹਾਇਕ ਨਿਰਦੇਸ਼ਕ ਸੌਰਭ ਮਹਾਜਨ, ਐਸਡੀਐਮ ਅਵਿਕੇਸ਼ ਗੁਪਤਾ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਏ. ਜੀ. ਐਮ., ਐਨ. ਪੀ. ਟੀ. ਸੀ. ਨਿਜ਼ਾਮੂਦੀਨ, ਡਾਇਰੈਕਟਰ, ਐਨ. ਪੀ. ਟੀ. ਆਈ. ਡਾ. ਐਮ. ਰਵੀਚੰਦਰ ਬਾਬੂ, ਮਿਸ਼ਨ ਮੈਂਬਰ, ਕਿਸਾਨ, ਟੀ. ਪੀ. ਪੀ. ਅਧਿਕਾਰੀ, ਬੈਂਕਰ, ਉੱਦਮੀ ਅਤੇ ਪੈਲੇਟ ਨਿਰਮਾਤਾ ਮੌਜੂਦ ਸਨ ।