
ਪੰਜਾਬੀ ਯੂਨੀਵਰਸਿਟੀ ਵਿਖੇ ਕੂੜੇ ਦੇ ਨਿਪਟਾਰੇ ਲਈ ਜਾਗਰੂਕਤਾ ਹਿਤ ਕਰਵਾਇਆ ਪ੍ਰੋਗਰਾਮ
- by Jasbeer Singh
- September 24, 2024

ਪੰਜਾਬੀ ਯੂਨੀਵਰਸਿਟੀ ਵਿਖੇ ਕੂੜੇ ਦੇ ਨਿਪਟਾਰੇ ਲਈ ਜਾਗਰੂਕਤਾ ਹਿਤ ਕਰਵਾਇਆ ਪ੍ਰੋਗਰਾਮ -ਰੋਟਰੀ ਕਲੱਬ ਪਟਿਆਲਾ ਵੱਲੋਂ ਯੂਨੀਵਰਸਿਟੀ ਵਿੱਚ ਕੁੜੀਆਂ ਦੇ ਹੋਸਟਲਾਂ ਲਈ ਚਾਰ ਮਸ਼ੀਨਾਂ ਭੇਂਟ ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ 'ਸਵੱਛਤਾ ਹੀ ਸੇਵਾ' ਪ੍ਰੋਗਰਾਮ ਲੜੀ ਅਧੀਨ ਮਾਹਵਾਰੀ ਦੇ ਕੂੜੇ ਦਾ ਨਿਪਟਾਰਾ ਕਰਨ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਐੱਨ. ਐੱਸ. ਐੱਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਨੇ ਦੱਸਿਆ ਕਿ ਲੜਕੀਆਂ ਦੀ ਜਨਤਕ ਸਿਹਤ ਅਤੇ ਨਿੱਜੀ ਸਫਾਈ ਨੂੰ ਧਿਆਨ ਵਿੱਚ ਰਖਦਿਆਂ ਐੱਨ. ਐੱਸ. ਐੱਸ. ਵਿਭਾਗ ਵੱਲੋਂ ਰੋਟਰੀ ਕਲੱਬ ਪਟਿਆਲਾ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ । ਰੋਟਰੀ ਕਲੱਬ ਦੇ ਪ੍ਰਧਾਨ ਡਾ. ਗੁਰਚਰਨ ਸਿੰਘ ਵੱਲੋਂ ਲੜਕੀਆਂ ਦੀ ਜਨਤਕ ਸਿਹਤ ਸੰਬੰਧੀ ਮਹਤੱਤਾ ਨੂੰ ਸਮਝਦੇ ਹੋਏ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਦੇ ਚਾਰ ਹੋਸਟਲਾਂ ਨੂੰ ਚਾਰ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਜਿਨ੍ਹਾਂ ਦੀ ਮਦਦ ਨਾਲ਼ ਮਾਹਵਾਰੀ ਸੰਬੰਧੀ ਕੂੜੇ ਦਾ ਨਿਪਟਾਰਾ ਕਰਨਾ ਆਸਾਨ ਹੋਵੇਗਾ। ਪ੍ਰੋਗਰਾਮ ਦੌਰਾਨ ਮਾਹਿਰਾਂ ਵੱਲੋਂ ਇਨ੍ਹਾਂ ਮਸ਼ੀਨਾਂ ਸਬੰਧੀ ਜਾਣਕਾਰੀ ਦਿੰਦਿਆਂ ਲੜਕੀਆਂ ਨੂੰ ਬਾਇਓਡੀਗ੍ਰੇਡੇਬਲ ਮਸ਼ੀਨਾਂ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਗਿਆ। ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਐੱਨ. ਐੱਸ. ਐੱਸ. ਵਿਭਾਗ ਦੀ ਇਸ ਪਹਿਲਕਦਮੀ ਲਈ ਸ਼ਲਾਘਾ ਕਰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਜਨਤਕ ਸਿਹਤ ਨੂੰ ਸੈਨੇਟਰੀ ਨੈਪਕਿਨਾਂ ਦੇ ਗ਼ਲਤ ਨਿਪਟਾਰੇ ਨਾਲ਼ ਹੁੰਦੇ ਨੁਕਸਾਨ ਨੂੰ ਘੱਟ ਕਰਨ ਲਈ ਇਹ ਜ਼ਰੂਰੀ ਹੈ ਕਿ ਅਸੀਂ ਲੜਕੀਆਂ ਨੂੰ ਈਕੋ-ਫ੍ਰੈਂਡਲੀ ਇਨਸਿਨਰੇਟਰਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੀਏ । ਯੂਨੀਵਰਸਿਟੀ ਦੇ ਹੋਸਟਲਾਂ ਵਿਚ ਇਹ ਮਸ਼ੀਨਾਂ ਲਗਵਾਉਣਾ ਵਾਤਾਵਰਣ ਦੀ ਸਵੱਛਤਾ ਅਤੇ ਸਵੱਛਤਾ ਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਕ ਜ਼ਰੂਰੀ ਕਦਮ ਹੈ । ਇਸ ਪ੍ਰੋਗਰਾਮ ਵਿਚ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਅਤੇ ਡਾ. ਅਭਿਨਵ ਭੰਡਾਰੀ ਸਮੇਤ 40 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ।