post

Jasbeer Singh

(Chief Editor)

Punjab

ਕੌਮੀ ਕਾਨੂੰਨੀ ਸੇਵਾਵਾਂ ਦਿਵਸ ਮੌਕੇ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਦਾ ਆਯੋਜਨ

post-img

ਕੌਮੀ ਕਾਨੂੰਨੀ ਸੇਵਾਵਾਂ ਦਿਵਸ ਮੌਕੇ ਸ਼ਹਿਰ ਵਿੱਚ ਜਾਗਰੂਕਤਾ ਰੈਲੀ ਦਾ ਆਯੋਜਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਦਲਜੀਤ ਕੌਰ ਨੇ ਦਿਖਾਈ ਹਰੀ ਝੰਡੀ ਸੰਗਰੂਰ, 9 ਨਵੰਬਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਨੀਸ਼ ਸਿੰਗਲ ਦੀ ਰਹਿਨੁਮਾਈ ਹੇਠ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਸ੍ਰੀ ਦੁਰਗਾ ਸੇਵਾ ਦਲ ਦੇ ਸਹਿਯੋਗ ਨਾਲ ਕੀਤੀ ਇਸ ਰੈਲੀ ਦੌਰਾਨ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਗਰੂਕ ਕੀਤਾ ਗਿਆ । ਇਸ ਰੈਲੀ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਦੇ ਸਕੱਤਰ ਅਤੇ ਸਿਵਲ ਜੱਜ (ਸੀਨੀਅਰ ਡਵੀਜ਼ਨ)/ਸੀ. ਜੇ. ਐਮ ਦਲਜੀਤ ਕੌਰ ਨੇ ਏ.ਡੀ.ਆਰ. ਸੈਂਟਰ ਸੰਗਰੂਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਜਾਗਰੂਕਤਾ ਰੈਲੀ ਵਿੱਚ ਫਾਰਚਿਊਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਇਹ ਰੈਲੀ ਏ.ਡੀ.ਆਰ. ਸੈਂਟਰ, ਸੰਗਰੂਰ ਤੋਂ ਸ਼ੁਰੂ ਹੋ ਕੇ ਬੜਾ ਚੌਂਕ ਅਤੇ ਲੇਬਰ ਚੌਂਕ ਤੋਂ ਹੁੰਦੀ ਹੋਈ ਵਾਪਿਸ ਏ.ਡੀ.ਆਰ. ਸੈਂਟਰ, ਸੰਗਰੂਰ ਵਿਖੇ ਖ਼ਤਮ ਹੋਈ । ਇਸ ਮੌਕੇ ਸ੍ਰੀ ਦੁਰਗਾ ਸੇਵਾ ਦਲ ਦੇ ਪ੍ਰਧਾਨ ਸ੍ਰੀ ਅਰੂਪ ਸਿੰਗਲਾ, ਪੈਨਲ ਦੇ ਵਕੀਲ, ਪੈਰਾ ਲੀਗਲ ਵਾਲੰਟੀਅਰ ਅਤੇ ਅਥਾਰਟੀ ਦਾ ਸਟਾਫ ਵੀ ਹਾਜ਼ਿਰ ਸੀ । ਰੈਲੀ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਦਲਜੀਤ ਕੌਰ ਨੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀਜ਼ ਐਕਟ 1987 ਦੇ ਲਾਗੂ ਹੋਣ ਦੇ ਸਬੰਧ ਵਿੱਚ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਹਰ ਸਾਲ 09 ਨਵੰਬਰ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਦਾ ਮੰਤਵ ਲੋਕਾਂ ਨੂੰ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਅਤੇ ਅਥਾਰਟੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਮੁਹਿੰਮਾਂ ਜਿਵੇਂ ਕਿ ਯੂਅਰ ਜਰਨੀ, ਯੂਅਰ ਲਾਈਫ, ਨਸ਼ਿਆਂ ਦਾ ਖਾਤਮਾ, ਰੁੱਖ ਲਗਾਉਣਾ ਆਦਿ ਬਾਰੇ ਜਾਗਰੂਕ ਕਰਨਾ ਹੈ । ਸਕੱਤਰ ਨੇ ਦੱਸਿਆ ਕਿ ਮੁਫ਼ਤ ਕਾਨੂੰਨੀ ਸਹਾਇਤਾ ਅਧੀਨ ਅਥਾਰਟੀ ਵੱਲੋਂ ਵੱਖ-ਵੱਖ ਕੈਟਾਗਿਰੀਆਂ ਦੇ ਵਿਅਕਤੀਆਂ, ਜਿਵੇਂ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦੇ ਮੈਂਬਰ, ਮਨੁੱਖ ਤਸਕਰੀ ਜਾਂ ਸ਼ੋਸ਼ਣ ਦੇ ਸ਼ਿਕਾਰ ਵਿਅਕਤੀ, ਵੱਡੀ ਮੁਸੀਬਤ, ਕੁਦਰਤੀ ਆਫ਼ਤਾਂ ਜਾਂ ਉਦਯੋਗਿਕ ਤਬਾਹੀ ਦੇ ਮਾਰੇ ਵਿਅਕਤੀ, ਔਰਤ ਜਾਂ ਬੱਚਾ, ਮਾਨਸਿਕ ਰੋਗੀ, ਦਿਵਿਆਂਗ ਵਿਅਕਤੀ, ਉਦਯੋਗਿਕ ਕਾਮੇ, ਹਿਰਾਸਤ ਵਿੱਚ (ਜ਼ੇਲ੍ਹ ਜਾਂ ਸੁਰੱਖਿਆ ਵਾਲੇ ਘਰ ਜਾਂ ਬਾਲ-ਘਰ ਜਾਂ ਮਨੋਵਿਗਿਆਨਕ ਹਸਪਤਾਲ ਵਿੱਚ ਬੰਦ) ਵਿਅਕਤੀ ਅਤੇ ਹਰ ਉਹ ਵਿਅਕਤੀ, ਜਿਸਦੀ ਸਾਲਾਨਾ ਆਮਦਨ 3,00,000/- ਰੁਪਏ ਤੋਂ ਵੱਧ ਨਾ ਹੋਵੇ, ਨੂੰ ਉਪ-ਮੰਡਲ, ਜ਼ਿਲ੍ਹਾ, ਮਾਨਯੋਗ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਪੱਧਰ ਉਤੇ ਦੀਵਾਨੀ, ਫ਼ੌਜਦਾਰੀ ਅਤੇ ਮਾਲ ਦੀਆਂ ਕਚਹਿਰੀਆਂ ਵਿੱਚ ਚਾਰਾਜ਼ੋਈ ਲਈ ਵਕੀਲ ਦੀਆਂ ਮੁਫ਼ਤ ਸੇਵਾਵਾਂ ਅਤੇ ਕਾਨੂੰਨੀ ਸਲਾਹ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਲਈ ਟੋਲ ਫ੍ਰੀ ਹੈਲਪਲਾਈਨ ਨੰਬਰ 15100 'ਤੇ ਕਾਲ ਕੀਤੀ ਜਾ ਸਕਦੀ ਹੈ ਜਾਂ ਨਾਲਸਾ ਦੇ ਆਨਲਾਈਨ ਪੋਰਟਲ ਜਾਂ ਨਾਲਸਾ ਦੀ ਅਧਿਕਾਰਤ ਮੋਬਾਇਲ ਐਪ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਦਰਖ਼ਾਸਤ ਕਾਨੂੰਨੀ ਸੇਵਾਵਾਂ ਸੰਸਥਾ ਦੇ ਫਰੰਟ ਦਫ਼ਤਰ ਵਿੱਚ ਦਿੱਤੀ ਜਾ ਸਕਦੀ ਹੈ ।

Related Post