
ਬੀ. ਐਸ. ਐਫ. ਨੇ ਸਰਹੱਦ ਪਾਰ ਤੋਂ ਡ੍ਰੋਨ ਦੇ ਆਉਣ ਦੇ ਮੱਦੇਨਜ਼ਰ ਅਪਣਾਈ ਰਣਨੀਤੀ
- by Jasbeer Singh
- August 10, 2024

ਬੀ. ਐਸ. ਐਫ. ਨੇ ਸਰਹੱਦ ਪਾਰ ਤੋਂ ਡ੍ਰੋਨ ਦੇ ਆਉਣ ਦੇ ਮੱਦੇਨਜ਼ਰ ਅਪਣਾਈ ਰਣਨੀਤੀ ਜਲੰਧਰ : ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ਼.) ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ (ਆਈ. ਜੀ.) ਡਾ. ਅਤੁਲ ਫੁਲਜਲੇ ਨੇ ਇਸ ਭੇਤ ਤੋਂ ਪਰਦਾ ਚੁੱਕਿਆ ਹੈ ਕਿ ਪਾਕਿਸਤਾਨ ਤੋਂ ਇਸ ਵੇਲੇ ਹਲਕੇ ਡਰੋਨ ਆ ਰਹੇ ਹਨ, ਜਿਨ੍ਹਾਂ ਵਿਚ ਨਸ਼ੇ ਵਾਲੇ ਪਦਾਰਥ ਅਤੇ ਹਥਿਆਰ ਭੇਜੇ ਜਾਂਦੇ ਹਨ। ਇਨ੍ਹਾਂ ਦਾ ਪਤਾ ਲਾਉਣ ਲਈ ਬੀ. ਐੱਸ. ਐੱਫ਼. ਵੱਲੋਂ ਨਵੀਂ ਰਣਨੀਤੀ ਅਪਣਾਈ ਗਈ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ. ਫੁਲਜਲੇ ਨੇ ਕਿਹਾ ਕਿ ਹਲਕੇ ਅਤੇ ਛੋਟੇ ਆਕਾਰ ਵਾਲੇ ਡਰੋਨਾਂ ਨੂੰ ਫੜਨਾ ਮੁਸ਼ਕਿਲ ਹੁੰਦਾ ਹੈ। ਇਸੇ ਲਈ ਬੀ. ਐੱਸ. ਐੱਫ਼. ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। 1 ਜਨਵਰੀ ਤੋਂ 8 ਅਗਸਤ ਵਿਚਾਲੇ ਬੀ. ਐੱਸ. ਐੱਫ਼. ਨੇ ਪੰਜਾਬ ਦੇ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ਨੇੜੇ 137 ਡਰੋਨ ਫੜੇ ਹਨ। ਇਨ੍ਹਾਂ ਡਰੋਨਾਂ ਦੀ ਜਦੋਂ ਲੈਬਾਰਟਰੀਆਂ ਵਿਚ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਪਾਕਿਸਤਾਨ ਰੇਂਜਰਾਂ ਦੀਆਂ ਚੌਂਕੀਆਂ ਦੇ ਨੇੜਿਓਂ ਭੇਜੇ ਗਏ ਹਨ, ਜਿਸ ਨਾਲ ਪਤਾ ਲੱਗਦਾ ਹੈ ਕਿ ਪਾਕਿਸਤਾਨ ਦੀ ਇਨ੍ਹਾਂ ਡਰੋਨਾਂ ਨੂੰ ਭੇਜਣ ’ਚ ਸ਼ਮੂਲੀਅਤ ਹੈ। ਉਨ੍ਹਾਂ ਕਿਹਾ ਕਿ ਪਾਕਿ ਰੇਂਜਰਾਂ ਨਾਲ ਹੋਣ ਵਾਲੀਆਂ ਬੈਠਕਾਂ ਵਿਚ ਬੀ. ਐੱਸ. ਐੱਫ਼. ਨੇ ਇਸ ਮਾਮਲੇ ਨੂੰ ਕਈ ਵਾਰ ਉਠਾਇਆ ਹੈ ਪਰ ਹਰ ਵਾਰ ਪਾਕਿ ਰੇਂਜਰ ਇਹ ਕਹਿ ਕੇ ਮੁਕਰ ਜਾਂਦੇ ਹਨ ਕਿ ਡਰੋਨਾਂ ਨੂੰ ਭੇਜਣ ’ਚ ਉਨ੍ਹਾਂ ਦਾ ਕੋਈ ਹੱਥ ਨਹੀਂ। ਉਨ੍ਹਾਂ ਦੱਸਿਆ ਕਿ 1 ਜਨਵਰੀ ਤੋਂ ਹੁਣ ਤਕ ਭਾਰਤ-ਪਾਕਿ ਸਰਹੱਦ ਨੇੜੇ ਬੀ. ਐੱਸ. ਐੱਫ਼. ਨੇ 160.28 ਕਿੱਲੋ ਹੈਰੋਇਨ, 15.13 ਕਿੱਲੋ ਅਫ਼ੀਮ, 28 ਹਥਿਆਰ, 40 ਮੈਗਜ਼ੀਨ, 2,15,61,350 ਦੀ ਭਾਰਤੀ ਕਰੰਸੀ ਅਤੇ 38,877 ਦੀ ਪਾਕਿਸਤਾਨੀ ਕਰੰਸੀ ਤੋਂ ਇਲਾਵਾ ਕੁਝ ਹੋਰ ਦੇਸ਼ਾਂ ਦੀ ਕਰੰਸੀ ਵੀ ਫੜੀ ਹੈ। ਡਾ. ਫੁਲਜਲੇ ਨੇ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠ ਨੂੰ ਰੋਕਣ ਅਤੇ ਸਰਵੀਲੈਂਸ ਵਧਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਹੱਦ ਨੇੜੇ ਬੀ. ਐੱਸ. ਐੱਫ਼. ਵੱਲੋਂ ਕਲਿਆਣਕਾਰੀ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮੋਬਾਇਲ ਫੋਨ ਰਿਪੇਅਰ ਕਰਨ ਦੀ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਉਨ੍ਹਾਂ ਨੂੰ ਆਈਲੈਟਸ ਵੀ ਸਿਖਾਈ ਜਾ ਰਹੀ ਹੈ। ਇਸ ਮੌਕੇ ’ਤੇ ਬੀ. ਐੱਸ. ਐੱਫ਼. ਦੇ ਜੀ. ਆਈ. ਜੀ. ਮਦਨ ਲਾਲ, ਏ. ਕੇ. ਵਿਦਿਆਰਥੀ, ਸੀ. ਐੱਚ. ਸੇਤੁਰਾਮ ਅਤੇ ਕਮਾਂਡੈਂਟ ਵੀ. ਐੱਸ. ਸੰਧੂ ਵੀ ਮੌਜੂਦ ਸਨ।