

:ਭਾਰਤੀ ਕਿਸਾਨ ਯੂਨੀਅਨ ਏਕਤਾ (ਅਜਾਦ) ਵੱਲੋ ਅੱਜ ਜ਼ਿਲਾ ਪੱਧਰੀ ਵਧਵੀਂ ਮੀਟਿੰਗ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਮਸਤੂਆਣਾ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਤੇ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਖੇਤੀਬਾੜੀ ਸੈਕਟਰ ਦੇ ਵਿਰੋਧ ਵਿਚ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਤਹਿਸ਼ੁਦਾ ਨੀਤੀ ਤੇ ਅਮਲ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ ਸੁਆਮੀਨਾਥਨ ਫਾਰਮੂਲੇ ਤਹਿਤ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਬਾਸਮਤੀ ਝੋਨੇ ਤੇ ਘੱਟੋ ਘੱਟ ੪੫੦੦ ਰੁਪਏ ਸਮਰੱਥਨ ਮੁੱਲ ਤੈਅ ਕੀਤਾ ਜਾਵੇ। ਪੈਡੀ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਨਹਿਰੀ ਪਾਣੀ ਦੀ ਮਾਤਰਾ ਵਿੱਚ ਵਾਧਾ ਕਰਕੇ ਹਰ ਖੇਤ ਨੂੰ ਨਹਿਰੀ ਪਾਣੀ ਯਕੀਨੀ ਬਣਾਉਣ ਲਈ ਠੋਸ ਵਿਉਂਤਬੰਦੀ ਅਮਲ ਵਿੱਚ ਲਿਆਉਣ ਲਈ ਲੋਕ ਪੱਖੀ ਫੈਸਲੇ ਕੀਤੇ ਜਾਣ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਾਰੀਆਂ ਫ਼ਸਲਾਂ ਤੇ ਐਮ ਐਸ ਪੀ ਤੇ ਖ੍ਰੀਦ ਦੀ ਗਰੰਟੀ ਦਾ ਕਨੂੰਨ ਲਾਗੂ ਕੀਤਾ ਜਾਵੇ। ਵਾਅਦੇ ਮੁਤਾਬਕ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁੱਕਤ ਕੀਤਾ ਜਾਵੇ। ਖੇਤੀਬਾੜੀ ਸੈਕਟਰ ਦਾ ਨਿੱਜੀਕਰਨ ਕਰਨਾਂ ਬੰਦ ਕੀਤਾ ਜਾਵੇ।ਖੇਤੀ ਸੈਕਟਰ ਨੂੰ ਮੁਨਾਫਾ ਬਖਸ਼ ਸੈਕਟਰ ਵਿੱਚ ਤਬਦੀਲ ਕਰਨ ਯੋਗ ਉਪਰਾਲੇ ਕੀਤੇ ਜਾਣ। ਮਨਰੇਗਾ ਤਹਿਤ ਸਾਲ ਵਿੱਚ ੨੦੦ ਦਿਨ ਮਜ਼ਦੂਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਕਿਸਾਨ ਸੰਘਰਸ਼ ਦੀਆਂ ਰਹਿੰਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਮੀਟਿੰਗ ਵਿੱਚ ਵਾਡਰਾਂ ਤੇ ਚੱਲ ਰਹੇ ਧਰਨਿਆਂ ਵਿੱਚ ਗਿਣਤੀ ਵਧਾਉਣ ਲਈ ਠੋਸ ਵਿਉਂਤਬੰਦੀ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂ ਕਰਨੈਲ ਸਿੰਘ ਲੰਗ, ਗੁਰਮੇਲ ਸਿੰਘ ਮਹੌਲੀ, ਔਰਤ ਵਿੰਗ ਦੀ ਆਗੂ ਬਲਜੀਤ ਕੌਰ ਕਿਲਾਭਰੀਆਂ, ਗੁਰਪ੍ਰੀਤ ਕੌਰ ਬਰਾਸ , ਦਵਿੰਦਰ ਕੌਰ ਹਰਦਾਸਪੁਰ ਆਦਿ ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਖੇਤੀਬਾੜੀ ਸੈਕਟਰ ਨੂੰ ਸੰਕਟ ਵਿੱਚੋਂ ਕੱਢਣ ਲਈ ਵਾਡਰਾਂ ਤੇ ਚੱਲ ਰਹੇ ਮੋਰਚਿਆਂ ਵਿੱਚ ਵਹੀਰਾਂ ਘੱਤ ਕੇ ਪਹੁੰਚਣ ਦੀ ਅਪੀਲ ਕੀਤੀ ।