ਕਿਸਾਨਾਂ ਨੂੰ ਵੱਡੀ ਰਾਹਤ, ਜ਼ਿਲ੍ਹਾ ਪ੍ਰਸਾਸ਼ਨ ਨੇ ਪਰਾਲੀ ਦੀਆਂ ਗੱਠਾਂ ਨੂੰ ਸਟੋਰ ਕਰਨ ਲਈ ਲਗਭਗ 100 ਏਕੜ ਜਗ੍ਹਾ ਦੀ ਪਛ
- by Jasbeer Singh
- October 7, 2024
ਕਿਸਾਨਾਂ ਨੂੰ ਵੱਡੀ ਰਾਹਤ, ਜ਼ਿਲ੍ਹਾ ਪ੍ਰਸਾਸ਼ਨ ਨੇ ਪਰਾਲੀ ਦੀਆਂ ਗੱਠਾਂ ਨੂੰ ਸਟੋਰ ਕਰਨ ਲਈ ਲਗਭਗ 100 ਏਕੜ ਜਗ੍ਹਾ ਦੀ ਪਛਾਣ ਕੀਤੀ : ਸੰਦੀਪ ਰਿਸ਼ੀ ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਵੱਲੋ ਆਰੰਭੀ 'ਫਸਲਾਂ ਦੀ ਰਹਿੰਦ ਖੂਹੰਦ ਕਰਜ਼ਾ ਯੋਜਨਾ ' ਦਾ ਲਾਭ ਲੈਣ ਦੀ ਅਪੀਲ ਸਰਕਾਰ ਨੇ ਇਸ ਵਾਰ ਪਿਛਲੇ ਸਾਲ ਨਾਲੋਂ ਵੱਧ ਬੇਲਰ ਸਬਸਿਡੀ ਉਤੇ ਉਪਲਬਧ ਕਰਵਾਏ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਹੌਟ ਸਪੋਟ ਪਿੰਡਾਂ ਵਿੱਚ ਜਾਗਰੂਕਤਾ ਦੌਰੇ ਜਾਰੀ ਦਿੜ੍ਹਬਾ/ਸੁਨਾਮ/ਸੰਗਰੂਰ, 7 ਅਕਤੂਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਅੱਜ ਸਬ ਡਵੀਜ਼ਨ ਸੁਨਾਮ ਅਤੇ ਦਿੜ੍ਹਬਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਰੁਝਾਨ ਨੂੰ ਰੋਕਣ ਲਈ ਆਪਣਾ ਕਦਮ ਅੱਗੇ ਵਧਾਉਣ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਲਗਭਗ 100 ਏਕੜ ਅਜਿਹੀ ਗੈਰ-ਖੇਤੀ ਯੋਗ ਅਣ ਵਰਤੀ ਜਗ੍ਹਾ ਦੀ ਪਛਾਣ ਕੀਤੀ ਹੈ ਜਿਸ ਨੂੰ ਕਿਸਾਨਾਂ ਦੇ ਵਿਆਪਕ ਹਿੱਤਾਂ ਦੇ ਮੱਦੇਨਜ਼ਰ ਪਰਾਲੀ ਦੀਆਂ ਗੱਠਾਂ ਨੂੰ ਆਰਜ਼ੀ ਤੌਰ ਉੱਤੇ ਭੰਡਾਰ ਕਰਕੇ ਰੱਖਣ ਲਈ ਵਰਤਿਆ ਜਾ ਸਕੇਗਾ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਕਿਸਾਨਾਂ ਨੇ ਇਸ ਮਾਮਲੇ ਨੂੰ ਤਰਜੀਹ ਨਾਲ ਉਠਾਇਆ ਸੀ ਕਿ ਪਿਛਲੇ ਸਾਲਾਂ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਬੇਲਰ ਮਾਲਕਾਂ ਵੱਲੋਂ ਦੇਰੀ ਨਾਲ ਚੁੱਕਿਆ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਅਗਲੀ ਫਸਲ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਕਿਸਾਨਾਂ ਦੀ ਇਸ ਮੁਸ਼ਕਿਲ ਦੇ ਢੁਕਵੇਂ ਹੱਲ ਨੂੰ ਯਕੀਨੀ ਬਣਾਉਣ ਲਈ ਇਸ ਵਾਰ ਜਿੱਥੇ ਪੰਜਾਬ ਸਰਕਾਰ ਵੱਲੋਂ ਸਬਸਿਡੀ ਉੱਤੇ ਪਿਛਲੇ ਸਾਲ ਨਾਲੋਂ ਵੱਧ ਗਿਣਤੀ ਵਿੱਚ ਬੇਲਰ ਉਪਲਬਧ ਕਰਵਾਏ ਗਏ ਹਨ ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਹਰੇਕ ਸਬ ਡਵੀਜ਼ਨ ਦੇ ਅਧੀਨ ਆਉਂਦੇ ਪਿੰਡਾਂ ਵਿੱਚ ਅਜਿਹੀ ਅਣਵਰਤੀ ਜ਼ਮੀਨ ਨੂੰ ਵਰਤੋਂ ਵਿੱਚ ਲਿਆਉਣ ਦਾ ਉਦਮ ਕੀਤਾ ਹੈ ਤਾਂ ਜੋ ਕਿਸਾਨਾਂ ਦੇ ਖੇਤਾਂ ਵਿੱਚੋਂ ਸਮੇਂ ਸਿਰ ਗੱਠਾਂ ਚੁਕਵਾ ਕੇ ਸਬੰਧਤ ਜ਼ਮੀਨ ਉੱਤੇ ਸਟੋਰ ਕੀਤਾ ਜਾ ਸਕੇ ਅਤੇ ਬੇਲਰ ਚਾਲਕ ਆਪਣੀ ਸੁਵਿਧਾ ਅਨੁਸਾਰ ਉਥੋਂ ਗੱਠਾਂ ਨੂੰ ਵੱਖ-ਵੱਖ ਫੈਕਟਰੀਆਂ ਵਿੱਚ ਲਿਜਾ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਲਰ ਮਾਲਕਾਂ ਅਤੇ ਕਿਸਾਨਾਂ ਵਿਚਾਲੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਤਿੰਨ ਚਾਰ ਪਿੰਡਾਂ ਦੇ ਕਲਸਟਰ ਬਣਾ ਕੇ ਨੋਡਲ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ ਜੋ ਕਿ ਸਮੁੱਚੇ ਸੀਜਨ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਵਾਢੀ ਉਪਰੰਤ ਦਰਪੇਸ਼ ਹਰੇਕ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਪਾਬੰਦ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਜਾਣੂ ਕਰਵਾਇਆ ਕਿ ਪੰਜਾਬ ਦੇ ਸਹਿਕਾਰੀ ਬੈਂਕਾਂ ਨੇ ‘ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਕਰਜ਼ਾ ਯੋਜਨਾ’ ਸ਼ੁਰੂ ਕੀਤੀ ਹੈ ਜਿਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੇ ਢੁਕਵੇਂ ਪ੍ਰਬੰਧਨ ਲਈ ਮਸ਼ੀਨਰੀ ਖਰੀਦਣ ਲਈ ਕਰਜ਼ਾ ਆਸਾਨੀ ਨਾਲ ਉਪਲਬਧ ਕਰਵਾਉਣਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਦੀਆਂ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਅਤੇ ਹੋਰ ਅਗਾਂਹਵਧੂ ਕਿਸਾਨ, ਪ੍ਰਾਇਮਰੀ ਕੋਆਪ੍ਰੇਟਿਵ ਸੁਸਾਇਟੀਆਂ ਜਾਂ ਹੋਰ ਅਦਾਰੇ ਕਾਮਨ ਹਾਇਰਿੰਗ ਸੈਂਟਰ (ਸੀ.ਐਚ.ਸੀ.) ਸਕੀਮ ਅਧੀਨ ਖੇਤੀ ਸੰਦਾਂ ਦੀ ਖ਼ਰੀਦ 'ਤੇ 80 ਫੀਸਦੀ ਸਬਸਿਡੀ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਅਗਾਂਹਵਧੂ ਕਿਸਾਨ, ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਬੇਲਰ ਅਤੇ ਸੁਪਰਸੀਡਰਾਂ ਵਰਗੇ ਖੇਤੀ ਸੰਦਾਂ ਦੀ ਖ਼ਰੀਦ 'ਤੇ 50 ਫੀਸਦੀ ਸਬਸਿਡੀ ਦੇ ਹੱਕਦਾਰ ਹੋਣਗੇ ਅਤੇ ਇਹ ਸਕੀਮ ਪਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਘਟਾਉਣ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਬਦਲ ਚੁਣਨ ਲਈ ਉਤਸ਼ਾਹਿਤ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਅੱਜ ਸੁਨਾਮ ਸਬ ਡਵੀਜ਼ਨ ਦੇ ਪਿੰਡ ਮੌੜਾ ਅਤੇ ਦਿੜ੍ਹਬਾ ਸਬ ਡਵੀਜ਼ਨ ਦੇ ਪਿੰਡ ਗੁੱਜਰਾਂ, ਖਨਾਲ, ਦਿੜ੍ਹਬਾ, ਢਡਿਆਲ ਤੇ ਲਾਡ ਬੰਜਾਰਾ ਵਿਖੇ ਕਿਸਾਨਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਯੋਗ ਪ੍ਰਬੰਧਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਅਨਾਜ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲਿਆਉਣ ਦੀ ਅਪੀਲ ਕੀਤੀ । ਇਸ ਮੌਕੇ ਉਹਨਾਂ ਨਾਲ ਉਪ ਮੰਡਲ ਮੈਜਿਸਟਰੇਟ ਰਾਜੇਸ਼ ਸ਼ਰਮਾ, ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਡਿਪਟੀ ਰਜਿਸਟਰਾਰ ਸਹਿਕਾਰਤਾ ਕਰਨਬੀਰ ਸਿੰਘ ਰੰਧਾਵਾ, ਡੀਐਸਪੀ ਦਲਜੀਤ ਸਿੰਘ ਵਿਰਕ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ
Related Post
Popular News
Hot Categories
Subscribe To Our Newsletter
No spam, notifications only about new products, updates.