
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ
- by Jasbeer Singh
- April 29, 2025

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਹਜੂਰੀ ਰਾਗੀ ਕੀਰਤਨੀ ਜੱਥਿਆਂ ਨੇ ਚਲਾਇਆ ਗੁਰਬਾਣੀ ਪ੍ਰਵਾਹ ਪਟਿਆਲਾ 29 ਅਪ੍ਰੈਲ : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਬ ਵਿਖੇ ਪਾਤਸ਼ਾਹ ਦੂਸਰੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਵੱਲੋਂ ਗੁਰੂ ਘਰ ਨਤਮਸਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਕੀਰਤਨੀ ਜਥੇ ਭਾਈ ਜਸਵਿੰਦਰ ਸਿੰਘ ਨੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਾਇਆ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਮੁੱਖਵਾਕ ਲੈਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਅਤੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ, ਇਤਿਹਾਸ ਅਤੇ ਗੁਰਬਾਣੀ ਤੋਂ ਨਾਮ ਸਿਮਰਨ ਅਤੇ ਸੇਵਾ ਦੀ ਭਾਵਨਾ ਦੀ ਪ੍ਰੇਰਨਾ ਮਿਲਦੀ ਹੈ, ਜਿਨਾਂ ਨੇ ਸਿੱਖਾਂ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਖਸ਼ੀਅਤ ਤੋਂ ਪ੍ਰਭਾਵਤ ਹੋ ਕੇ ਧਰਮ ਦੇ ਮਿਸ਼ਨ ਨੂੰ ਹੋਰ ਅਗਾਂਹ ਲਿਜਾਂਦਿਆਂ ਪ੍ਰਚਾਰ ਤੇ ਪਸਾਰ ’ਚ ਵੱਡਮੁੱਲਾ ਯੋਗਦਾਨ ਪਾਇਆ। ਆਪ ਜੀ ਵੱਲੋਂ ਰਚਿਤ ਬਾਣੀ ਪ੍ਰਮਾਤਮਾ ਨੂੰ ਪਾਉਣ ਦੀ ਜੁਗਤ ਪ੍ਰਦਾਨ ਕਰਦੀ ਹੈ ਅਤੇ ਪ੍ਰੇਰਨਾ ਦਿੰਦੀ ਹੈ ਕਿ ਸ਼ਬਦ ਗੁਰੂ ਦਾ ਆਸਰਾ ਪ੍ਰਾਪਤ ਕਰਕੇ ਹੀ ਮਾਨਵਤਾ ਦਾ ਕਲਿਆਣ, ਸੇਵਾ ਅਤੇ ਸਿਮਰਨ ਰਾਹੀਂ ਪ੍ਰਮਾਤਮਾ ’ਚ ਭੇਦ ਹੋਇਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਭਾਗ ਸਿੰਘ ਚੌਹਾਨ, ਮੀਤ ਮੈਨੇਜਰ ਮਨਦੀਪ ਸਿੰਘ ਭਲਵਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਭਾਈ ਹਰਵਿੰਦਰ ਸਿੰਘ, ਅਕਾਊਟੈਂਟ ਗੁਰਮੀਤ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਹਜੂਰ ਸਿੰਘ, ਭਾਈ ਮਨਜੀਤ ਸਿੰਘ ਪਵਾਰ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।