

ਭਾਗਵਤ ਦੇ ਆਬਾਦੀ ਬਾਰੇ ਬਿਆਨ ਨੂੰ ਭਾਜਪਾ ਨੇ ਸਲਾਹਿਆ ਨਵੀਂ ਦਿੱਲੀ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਵੱਲੋਂ ਭਾਰਤ ਵਿੱਚ ਘਟ ਰਹੀ ਜਣਨ ਦਰ ’ਤੇ ਚਿੰਤਾ ਜ਼ਾਹਰ ਕੀਤੇ ਜਾਣ ਤੋਂ ਇਕ ਦਿਨ ਬਾਅਦ ਜਿੱਥੇ ਭਾਜਪਾ ਆਗੂਆਂ ਨੇ ਉਨ੍ਹਾਂ ਦੇ ਬਿਆਨ ਦਾ ਸਵਾਗਤ ਕੀਤਾ, ਉੱਥੇ ਹੀ ਵਿਰੋਧੀ ਧਿਰ ਨੇ ਸਵਾਲ ਕੀਤਾ ਕਿ ਜੇਕਰ ਆਬਾਦੀ ਵਧਦੀ ਹੈ ਤਾਂ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰੋਤ ਕਿੱਥੋਂ ਆਉਣਗੇ । ਉਨ੍ਹਾਂ ਕਿਹਾ ਕਿ ਅਨਾਜ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਹੋਈਆਂ ਹਨ ਅਤੇ ਸਰਕਾਰ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਅਸਫ਼ਲ ਰਹੀ ਹੈ । ਮੋਹਨ ਭਾਗਵਤ ਦੇ ਬਿਆਨ ਬਾਰੇ ਗੱਲ ਕਰਨ ’ਤੇ ਭਾਜਪਾ ਆਗੂ ਮਨੋਜ ਤਿਵਾੜੀ ਨੇ ਕਿਹਾ ਕਿ ਉਹ ਕੌਮੀ ਹਿੱਤ ਵਿੱਚ ਹਨ। ਤਿਵਾੜੀ ਨੇ ਸੰਸਦ ਦੇ ਬਾਹਰ ਪੀ. ਟੀ. ਆਈ. ਨਾਲ ਗੱਲਬਾਤ ਦੌਰਾਨ ਕਿਹਾ ਕਿ ਆਰ. ਐੱਸ. ਐੱਸ. ਇਕ ਦੇਸ਼ਭਗਤ ਸੰਸਥਾ ਹੈ । ਜੇ ਮੋਹਨ ਭਾਗਵਤ ਜੀ ਨੇ ਕੁਝ ਕਿਹਾ ਹੈ ਤਾਂ ਇਹ ਜ਼ਰੂਰ ਕੌਮੀ ਹਿੱਤ ਵਿੱਚ ਹੋਵੇਗਾ, ਇਸ ਵਾਸਤੇ ਇਸ ਦਾ ਸਕਾਰਾਤਮਕ ਢੰਗ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ । ਮੇਰਠ ਤੋਂ ਭਾਜਪਾ ਦੇ ਸੰਸਦ ਮੈਂਬਰ ਅਰੁਨ ਗੋਵਿਲ ਨੇ ਵੀ ਇਹੀ ਸ਼ਬਦ ਕਹੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਕੌਮੀ ਹਿੱਤ ਵਿੱਚ ਹਨ। ਉਹ ਇਕ ਸਿਆਣੇ ਵਿਅਕਤੀ ਹਨ, ਜੇ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੈ ਤਾਂ ਇਹ ਦੇਸ਼ ਦੇ ਹਿੱਤ ਵਿੱਚ ਹੈ ਅਤੇ ਇਹ ਠੀਕ ਹੀ ਹੋਵੇਗਾ । ਹਾਲਾਂਕਿ ਵਿਰੋਧੀ ਧਿਰ ਦੇ ਆਗੂਆਂ ਨੇ ਭਾਗਵਤ ਦੀ ਟਿੱਪਣੀ ਨੂੰ ਲੈ ਕੇ ਸਵਾਲ ਉਠਾਏ। ਕਟਿਹਾਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਤਾਰਿਕ ਅਨਵਰ ਨੇ ਕਿਹਾ ਕਿ ਭਾਗਵਤ ਦੀ ਟਿੱਪਣੀ ਆਬਾਦੀ ਦੇ ਮੁੱਦੇ ’ਤੇ ਭਾਜਪਾ ਆਗੂਆਂ ਦੀਆਂ ਗੱਲਾਂ ਤੋਂ ਉਲਟ ਹੈ । ਉਨ੍ਹਾਂ ਕਿਹਾ ਕਿ ਉਹ (ਭਾਗਵਤ) ਜੋ ਕਹਿ ਰਹੇ ਹਨ ਉਹ ਆਪਾ ਵਿਰੋਧੀ ਹੈ ਕਿਉਂਕਿ ਭਾਜਪਾ ਆਗੂ ਕਹਿ ਰਹੇ ਹਨ ਕਿ ਆਬਾਦੀ ਨੂੰ ਕੰਟਰੋਲ ਕਰਨਾ ਚਾਹੀਦਾ ਹੈ । ਉਨ੍ਹਾਂ ਨੂੰ ਇਨ੍ਹਾਂ ਮਤਭੇਦਾਂ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਆਬਾਦੀ ਬਾਰੇ ਨੀਤੀ ਲਿਆਉਣੀ ਚਾਹੀਦੀ ਹੈ । ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੇ ਸੰਸਦ ਮੈਂਬਰ ਚੰਦਰਸ਼ੇਖਰ ਨੇ ਸਵਾਲ ਕੀਤਾ ਕਿ ਵਧੀ ਹੋਈ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਾਧੂ ਸਰੋਤ ਕਿੱਥੋਂ ਆਉਣਗੇ ।