

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ 23 ਮਈ ਨੂੰ ਹੋਣ ਵਾਲੀ ਰੈਲੀ ਨੂੰ ਸੰਬੋਧਨ ਕਰਨ ਲਈ ਪਟਿਆਲਾ ਆ ਰਹੇ ਹਨ। ਰੈਲੀ ਲਈ ਜਿੱਥੇ ਭਾਜਪਾ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ, ਉੱਥੇ ਸਥਾਨਕ ਪੁਲੀਸ ਪ੍ਰਸ਼ਾਸਨ ਵੀ ਪੱਬਾਂ ਭਾਰ ਹੈ। ਖਾਸ ਕਰ ਕਿਸਾਨ ਜਥੇਬੰਦੀਆਂ ਦੇ ਰੋਸ ਪ੍ਰਦਰਸ਼ਨ ਦੇ ਐਲਾਨ ਕਾਰਨ ਪੁਲੀਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਪਟਿਆਲਾ ’ਚ ਲਗਪਗ ਵੀਹ ਸਾਲਾਂ ਮਗਰੋਂ ਆ ਰਿਹਾ ਹੈ। ਇਸ ਤੋਂ ਪਹਿਲਾਂ 2004 ਲੋਕ ਸਭਾ ਚੋਣਾ ਮੌਕੇ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਦੇ ਹੱਕ ’ਚ ਰੈਲੀ ਨੂੰ ਸੰਬੋਧਨ ਕਰਨ ਲਈ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸ਼ਾਹੀ ਸ਼ਹਿਰ ਆਏ ਸਨ ਅਤੇ ਭਾਜਪਾ ਨੇ ਆਪਣੀ ਚੋਣ ਮੁਹਿੰਮ ਇੱਥੋਂ ਹੀ ਸ਼ੁਰੂ ਕੀਤੀ ਸੀ। ਉਦੋਂ ਪ੍ਰਨੀਤ ਕੌਰ ਭਾਜਪਾ ਖ਼ਿਲਾਫ਼ ਮੈਦਾਨ ਵਿੱਚ ਸਨ ਅਤੇ ਉਨ੍ਹਾਂ ਕੈਪਟਨ ਕੰਵਲਜੀਤ ਸਿੰਘ ਨੂੰ ਹਰਾਇਆ ਸੀ। ਪਟਿਆਲਾ ਵਿੱਚ ਭਾਰੀ ਪੁਲੀਸ ਬਲ ਤਾਇਨਾਤ ਕਿਸਾਨਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਨੇ ਭਾਰੀ ਪੁਲੀਸ ਬਲ ਤਾਇਨਾਤ ਕੀਤਾ ਹੋਇਆ ਹੈ। ਜਾਣਕਾਰੀ ਮੁਤਾਬਕ ਰੈਲੀ ਮੌਕੇ ਲਗਪਗ ਛੇ ਹਜ਼ਾਰ ਪੁਲੀਸ ਮਲਾਜ਼ਮ ਤਾਇਨਾਤ ਕੀਤੇ ਗਏ ਹਨ। ਪਟਿਆਲਾ ਜ਼ਿਲ੍ਹੇ ਨੂੰ ਵੀ ਸੀਲ ਕਰਨ ਦੀ ਯੋਜਨਾ ਹੈ। ਸਾਲ 2022 ਵਿੱਚ ਫਿਰੋਜ਼ਪੁਰ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਪ੍ਰਧਾਨ ਮੰਤਰੀ ਮੋਦੀ ਦੇ ਵਾਪਸ ਮੁੜਨ ਦੀ ਘਟਨਾ ਕਾਰਨ ਪੁਲੀਸ ਤੰਤਰ ਬੋਚ ਬੋਚ ਕੇ ਪੈਰ ਧਰ ਰਿਹਾ ਹੈ। ਕੈਪਟਨ ਵੀ ਰੈਲੀ ਵਿੱਚ ਕਰਨਗੇ ਸ਼ਿਰਕਤ ਸਿਹਤ ਨਾਸਾਜ਼ ਹੋਣ ਕਾਰਨ ਹੁਣ ਤੱਕ ਆਪਣੀ ਪਤਨੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਦਾ ਹਿੱਸਾ ਨਾ ਬਣ ਸਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਨਰਿੰਦਰ ਮੋਦੀ ਦੀ ਇਸ ਰੈਲੀ ’ਚ ਸ਼ਿਰਕਤ ਕਰਨਗੇ। ਪਹਿਲਾਂ ਉਹ ਨਾਮਜ਼ਦਗੀ ਮੌਕੇ ਵੀ ਨਹੀਂ ਸਨ ਆ ਸਕੇ। ਰੈਲੀ ਰੱਖੇ ਜਾਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ। ਕਿਸਾਨ ਪ੍ਰਧਾਨ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਅੜੇ ‘ਸੰਯੁਕਤ ਕਿਸਾਨ ਮੋਰਚਾ’ ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਰੋਸ ਪ੍ਰਦਰਸ਼ਨ ਜ਼ਰੂਰ ਕਰਨਗੇ। ਪਤਾ ਲੱਗਾ ਹੈ ਕਿ ਕਿਸਾਨਾਂ ਨੂੰ ਮਨਾਉਣ ਲਈ ਐੱਸਐੱਸਪੀ ਵਰੁਣ ਸ਼ਰਮਾ ਨੇ 22 ਮਈ ਨੂੰ ਸਵੇਰੇ ਕਿਸਾਨ ਆਗੂਆਂ ਦੀ ਮੀਟਿੰਗ ਸੱਦੀ ਹੈ। ਚਰਚਾ ਹੈ ਕਿ ਮੀਟਿੰਗ ਸਫਲ ਨਾ ਹੋਣ ਦੀ ਸੂਰਤ ਵਿੱਚ ਮੋਢੀਆਂ ਨੂੰ ਹਿਰਾਸਤ ’ਚ ਲਿਆ ਜਾ ਸਕਦਾ ਹੈ। ਉਧਰ ਸ਼ੰਭੂ ਬਾਰਡਰ ’ਤੇ ਧਰਨੇ ਦੀ ਅਗਵਾਈ ਕਰ ਰਹੇ ਆਗੂਆਂ ਨੇ ਪਟਿਆਲਾ ਪੁੱਜਣ ਦਾ ਐਲਾਨ ਕੀਤਾ ਹੈ।