ਛੱਤੀਸਗੜ੍ਹ 'ਚ ਮਹਿਲਾ ਪੁਲਸ ਮੁਲਾਜ਼ਮ ਨਾਲ ਦਰਿੰਦਗੀ ਰਾਏਗੜ੍ਹ, 3 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ 'ਚ ਮਾਈਨਿੰਗ ਵਿਰੋਧੀ ਪ੍ਰਦਰਸ਼ਨ ਦੌਰਾਨ ਡਿਊਟੀ 'ਤੇ ਤਾਇਨਾਤ ਇਕ ਮਹਿਲਾ ਕਾਂਸਟੇਬਲ ਦੇ ਕੱਪੜੇ ਪਾੜਨ ਅਤੇ ਉਸ ਨੂੰ ਅਰਧਨਗਨ ਕਰ ਕੇ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ 'ਚ ਭਾਰੀ ਗੁੱਸਾ ਹੈ । ਕੱਪੜੇ ਪਾੜਨ ਅਤੇ ਅਰਧਨਗਨ ਕਰਕੇ ਕੁੱਟਣ ਤੇ 2 ਮੁਲਜ਼ਮ ਗ੍ਰਿਫ਼ਤਾਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ 'ਚ ਹੁਣ ਤੱਕ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਹ ਘਟਨਾ ਤਮਨਾਰ ਬਲਾਕ 'ਚ ਵਾਪਰੀ, ਜਦੋਂ ਕੋਲਾ ਮਾਈਨਿੰਗ ਪ੍ਰਾਜੈਕਟ ਖ਼ਿਲਾਫ਼ 14 ਪਿੰਡਾਂ ਦੇ ਵਸਨੀਕਾਂ ਦਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ । ਪੁਲਸ ਅਧਿਕਾਰੀਆਂ ਨੇ ਕੀ ਦੱਸਿਆ ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਦੌਰਾਨ ਮਹਿਲਾ ਕਾਂਸਟੇਬਲ ਭੀੜ ਦੇ ਵਿਚਕਾਰ ਇਕ ਖੇਤ 'ਚ ਇਕੱਲੀ ਰਹਿ ਗਈ, ਜਿੱਥੇ ਉਸ ’ਤੇ ਹਮਲਾ ਕੀਤਾ ਗਿਆ । ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਵੀਡੀਓ 'ਚ ਕਾਂਸਟੇਬਲ ਜ਼ਮੀਨ ’ਤੇ ਲੇਟੀ ਹੋਈ, ਰੋਂਦੀ ਹੋਈ ਅਤੇ ਰਹਿਮ ਦੀ ਭੀਖ ਮੰਗਦੀ ਵਿਖਾਈ ਦੇ ਰਹੀ ਹੈ, ਜਦਕਿ 2 ਆਦਮੀ ਉਸ ਦੇ ਕੱਪੜੇ ਪਾੜ ਰਹੇ ਹਨ। ਅਤੇ ਉਸ ਤੋਂ ਵਿਰੋਧ ਵਾਲੀ ਥਾਂ 'ਤੇ ਉਸ ਦੀ ਮੌਜੂਦਗੀ ਬਾਰੇ ਸਵਾਲ ਕਰ ਰਹੇ ਹਨ। ਮਹਿਲਾ ਕਾਂਸਟੇਬਲ ਨੇ ਜੋੜੇ ਹੱਥ ਪਰ ਕਿਸੇ ਨੇ ਇਕ ਨਾ ਸੁਣੀ ਕਾਂਸਟੇਬਲ ਨੂੰ ਲਗਾਤਾਰ ਹੱਥ ਜੋੜ ਕੇ ਰੋਂਦੇ ਹੋਏ ਅਤੇ ਵਾਰ-ਵਾਰ ਉਨ੍ਹਾਂ ਨੂੰ ਉਸ ਨੂੰ ਜਾਣ ਦੇਣ ਦੀ ਬੇਨਤੀ ਕਰਦੇ ਹੋਏ ਸੁਣਿਆ ਜਾ ਸਕਦਾ ਹੈ । ਉਹ ਕਹਿ ਰਹੀ ਹੈ, "ਭਰਾਵੋ, ਮੇਰੇ ਕੱਪੜੇ ਨਾ ਪਾੜੋ । ਮੈਂ ਕੁਝ ਨਹੀਂ ਕਰਾਂਗੀ । ਮੈਂ ਕਿਸੇ ਨੂੰ ਨਹੀਂ ਮਾਰਿਆ । ਮੁਲਜ਼ਮਾਂ 'ਚੋਂ ਇਕ ਨੂੰ ਉਸ ਦੇ ਪਾਟੇ ਹੋਏ ਕੱਪੜੇ ਖਿੱਚਦੇ ਹੋਏ ਦੇਖਿਆ ਜਾ ਸਕਦਾ ਹੈ, ਜਦਕਿ ਦੂਜਾ ਵੀਡੀਓ ਰਿਕਾਰਡ ਕਰ ਰਿਹਾ ਸੀ । ਬਾਅਦ 'ਚ ਉਹ ਚੱਪਲ ਫੜ ਕੇ ਉਸ ਨੂੰ ਧਮਕਾ ਰਿਹਾ ਸੀ ਅਤੇ ਉਸ ਨੂੰ ਗੁੱਸੇ ਹੋ ਰਿਹਾ ਸੀ ।
