

ਮਿੱਟੀ ਅਤੇ ਪਾਣੀ ਪਰਖ ਕਰਵਾਉਣ ਸਬੰਧੀ ਪਿੰਡ ਹੇੜੀਕੇ ਵਿਖੇ ਲਗਾਇਆ ਕੈਂਪ ਸੰਗਰੂਰ, 23 ਮਈ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦਫ਼ਤਰ ਨੇ ਪਿੰਡ ਹੇੜੀਕੇ ਵਿਖੇ ਮਿੱਟੀ ਅਤੇ ਪਾਣੀ ਪਰਖ਼ ਕਰਵਾ ਕੇ ਹੀ ਰਸਾਇਣਿਕ ਖਾਦਾਂ ਪਾਉਣ ਸਬੰਧੀ ਇੱਕ ਦਿਨਾਂ ਸਿਖਲਾਈ ਕੈਂਪ ਲਗਾਇਆ। ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਗਰਗ, ਜ੍ਹਿਲਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਢੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮਿੱਟੀ ਪਰਖ਼ ਕਰਵਾ ਕੇ ਕਿਸਾਨਾਂ ਨੂੰ ਖੇਤ ਦੀ ਪੀ ਐੱਚ, ਲੂਣਾਂ ਦੀ ਮਾਤਰਾ, ਜੈਵਿਕ ਕਾਰਬਨ, ਫਾਸਫੋਰਸ ਅਤੇ ਪੋਟਾਸ਼ ਆਦਿ ਵੱਡੇ ਖੁਰਾਕੀ ਤੱਤਾਂ ਦੇ ਨਾਲ-ਨਾਲ ਛੋਟੇ ਖੁਰਾਕੀ ਤੱਤ ਜਿਵੇਂ ਕਿ ਜ਼ਿੰਕ, ਲੋਹਾ, ਤਾਂਬਾ ਅਤੇ ਮੈਂਗਨੀਜ਼ ਆਦਿ ਬਾਰੇ ਦੀ ਜਾਣਕਾਰੀ ਮਿਲਦੀ ਹੈ। ਕਿਸਾਨਾਂ ਨੂੰ ਯੂਰੀਆ ਖਾਦ ਦੀ ਸੰਜਮ ਨਾਲ ਵਰਤੋਂ ਕਰਨ ਲਈ ਪ੍ਰੇਰਦੇ ਹੋਏ ਡਾ. ਅਸ਼ੋਕ ਨੇ ਕਿਹਾ ਕਿ ਦਰਮਿਆਨੀਆਂ ਅਤੇ ਘੱਟ ਸਮੇਂ ਦੀਆਂ ਝੋਨੇ ਦੀਆਂ ਕਿਸਮਾਂ ਨੂੰ ਕਿਸਾਨ ਵੀਰ ਕੇਵਲ 90 ਕਿਲੋ ਯੂਰੀਆ ਹੀ ਪ੍ਰਤੀ ਏਕੜ ਪਾਉਣ। ਜ਼ਿੰਕ ਦੀ ਘਾਟ ਆਉਣ ਤੇ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ 16 ਕਿਲੋ ਪ੍ਰਤੀ ਏਕੜ ਜਾਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ਪ੍ਰਤੀ ਏਕੜ ਪਾਇਆ ਜਾ ਸਕਦਾ ਹੈ। ਜੀਵਾਣੂੰ ਖਾਦ ਦੇ ਟੀਕੇ ਝੋਨੇ ਅਤੇ ਬਾਸਮਤੀ ਦੀ ਪੌਦ ਨੂੰ ਲਗਾਉਣ ਨਾਲ ਜਿੱਥੇ ਮਿੱਟੀ ਦੀ ਸਿਹਤ ਸੁਧਰਦੀ ਹੈ ਉੱਥੇ ਝਾੜ ਦੇ ਵਿੱਚ ਵੀ ਵਾਧਾ ਹੁੰਦਾ ਹੈ। ਉਹਨਾਂ ਨੇ ਝੋਨੇ ਦੀ ਤੰਦਰੁਸਤ ਪਨੀਰੀ ਉਗਾਉਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਲੋਹੇ ਦੀ ਘਾਟ ਨੂੰ ਪੂਰਾ ਕਰਨ ਦੇ ਨੁਸਖੇ ਦੱਸੇ। ਝੋਨੇ ਦੀ ਪੀ ਆਰ 126 ਕਿਸਮ ਨੂੰ 15 ਜੁਲਾਈ ਤੋਂ ਪਹਿਲਾਂ ਹੀ ਲੁਆਈ ਲਈ ਪ੍ਰੇਰਿਆ। ਪਸ਼ੂਆਂ ਦੀ ਸਿਹਤ ਸੁਧਾਰ ਲਈ ਧਾਤਾਂ ਦੇ ਚੂਰੇ, ਪਸ਼ੂ ਚਾਟ ਅਤੇ ਬਾਈਪਾਸ ਫੈਟ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਝੋਨੇ ਦੀ ਪੀ ਆਰ 131 ਅਤੇ ਬਾਸਮਤੀ ਦੀ ਪੰਜਾਬ ਬਾਸਮਤੀ 7 ਕਿਸਮ ਦਾ ਬੀਜ ਵੀ ਸੇਲ ਲਈ ਉਪਲਬਧ ਕਰਵਾਇਆ ਗਿਆ। ਕੈਂਪ ਦੇ ਅਖੀਰ ਵਿੱਚ ਸ. ਰਵਿੰਦਰ ਸਿੰਘ ਅਤੇ ਸ. ਜਸਪਾਲ ਸਿੰਘ ਨੂੰ ਨਾਲ ਲੈ ਕੇ ਪਿੰਡ ਦੇ ਕਿਸਾਨਾਂ ਨੇ ਮਿੱਟੀ ਦੇ ਨਮੂਨੇ ਲੈਣ ਲਈ ਖੇਤ ਵਿੱਚ ਜਾ ਕੇ ਮੌਕੇ ਤੇ ਹੀ ਮਿੱਟੀ ਦੇ ਨਮੂਨੇ ਇਕੱਤਰ ਕੀਤੇ। ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਖੇਤ ਨੂੰ ਦਰਸਾਉਂਦਾ ਹੋਇਆ ਮਿੱਟੀ ਦਾ ਨਮੂਨਾ ਤਿਆਰ ਕਰਕੇ ਦਿਖਾਇਆ। ਭਾਗ ਲੈ ਰਹੇ ਕਿਸਾਨਾਂ ਨੇ ਆਪਣੇ-ਆਪਣੇ ਖੇਤਾਂ ਦੀ ਮਿੱਟੀ ਦੀ ਜਾਂਚ ਕਰਵਾ ਕੇ ਹੀ ਖਾਦਾਂ ਪਾਉਣ ਲਈ ਆਪਣੀ ਉਤਸੁਕਤਾ ਦਿਖਾਈ ਅਤੇ ਜਲਦੀ ਤੋਂ ਜਲਦੀ ਨਮੂਨੇ ਇਕੱਤਰ ਕਰਕੇ ਦਫ਼ਤਰ ਪਹੁੰਚਾਉਣ ਦਾ ਵਾਅਦਾ ਕੀਤਾ।