

ਪਹਿਲੀ ਜੂਨ ਨੂੰ ਲੋਕ ਸਭਾ ਲਈ ਪੈਣ ਵਾਲੀਆਂ ਵੋਟਾਂ ਲਈ ਅੱਜ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖ਼ਰੀ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਹਲਕੇ ’ਚ ਰੋਡ ਸ਼ੋਅ ਕਰ ਕੇ ਵੋਟਰਾਂ ਨੂੰ ਭਰਮਾਉਣ ਲਈ ਆਖ਼ਰੀ ਹੰਭਲਾ ਮਾਰਿਆ। ਅਗਲੇ ਦੋ ਦਿਨ ਹੁਣ ਉਮੀਦਵਾਰਾਂ ਵਲੋਂ ਘਰ-ਘਰ ਜਾ ਕੇ ਵੋਟਾਂ ਦੀ ਮੰਗ ਕੀਤੀ ਜਾਵੇਗੀ ਅਤੇ ਅੰਦਰਖਾਤੇ ਵੋਟਾਂ ਲਈ ਜੋੜ-ਤੋੜ ਲਈ ਜੁਗਾੜ ਲਗਾਏ ਜਾਣਗੇ। ਸੰਗਰੂਰ ਲੋਕ ਸਭਾ ਹਲਕੇ ’ਚ 15 ਲੱਖ 56 ਹਜ਼ਾਰ 601 ਵੋਟਰ ਹਨ ਜੋ ਕਿ ਚੋਣ ਮੈਦਾਨ ’ਚ ਕਿਸਮਤ ਅਜ਼ਮਾ ਰਹੇ ਕੁੱਲ 23 ਉਮੀਦਵਾਰਾਂ ਦੇ ਕਿਸਮਤ ਦਾ ਫ਼ੈਸਲਾ ਕਰਨਗੇ। ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਜ਼ਿਲ੍ਹਾ ਸਿਵਲ ਅਤੇ ਪੁਲੀਸ ਪ੍ਰਸ਼ਾਸ਼ਨ ਵਲੋਂ ਸਖਤੀ ਵਰਤੀ ਜਾ ਰਹੀ ਹੈ। ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਵਲੋਂ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਵੱਖ-ਵੱਖ ਥਾਈਂ ਪੁਲੀਸ ਨਾਕਿਆਂ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਵੋਟ ਲਈ ਧਨ ਦੇਣ ਜਾਂ ਡਰਾਉਣ ਦੀ ਇਜ਼ਾਜਤ ਨਹੀਂ ਨਹੀਂ ਦਿੱਤੀ ਜਾਵੇ। ਨਕਦੀ, ਸ਼ਰਾਬ ਜਾਂ ਹੋਰ ਕੋਈ ਚੀਜ਼ ਆਦਿ ਵੰਡ ਕੇ ਵੋਟਰਾਂ ਨੂੰ ਲੁਭਾਉਣ ਵਾਲਿਆਂ ’ਤੇ ਤਿਰਛੀ ਨਜ਼ਰ ਰਹੇਗੀ। ਪ੍ਰਚਾਰ ਖਤਮ ਹੋਣ ਸਾਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਹਲਕੇ ਅਧੀਨ ਪੈਂਦੀਆਂ ਸਾਰੀਆਂ ਸਬ ਡਵੀਜ਼ਨਾਂ, ਸੰਗਰੂਰ, ਧੂਰੀ, ਭਵਾਨੀਗੜ੍ਹ, ਦਿੜਬਾ, ਲਹਿਰਾ, ਮੂਨਕ ਅਤੇ ਸੁਨਾਮ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਧਾਰਾ 144 ਅਧੀਨ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਬਾਹਰੋਂ ਆਏ ਬਾਹਰਲੇ ਵਿਅਕਤੀਆਂ, ਰਿਸ਼ਤੇਦਾਰਾਂ ਅਤੇ ਸਮਰਥਕਾਂ ਨੂੰ ਛੇ ਵਜੇ ਤੋਂ ਬਾਅਦ ਹਲਕਾ ਛੱਡ ਜਾਣ ਦੀ ਹਦਾਇਤ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਹਿਤ ਸਾਰੇ ਥਾਣਾ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਥਾਣਿਆਂ ਅਧੀਨ ਪੈਂਦੇ ਕਮਿਊਨਟੀ ਹਾਲ, ਹੋਟਲ,ਲਾਜ, ਰੈਸਟੋਰੈਂਟਾਂ ਅਤੇ ਕਿਸੇ ਵੀ ਠਹਿਰਣ ਵਾਲੇ ਸਥਾਨਾਂ ਆਦਿ ਦੀ ਚੈਕਿੰਗ ਕਰਨ ਅਤੇ ਬਾਹਰਲੇ ਵਿਅਕਤੀਆਂ ਜੋ ਕਿ ਹਲਕੇ ਦੇ ਵੋਟਰ ਨਹੀਂ ਹਨ ਦੀ ਸਨਾਖ਼ਤ ਕਰਕੇ ਉਨ੍ਹਾਂ ਦੀਆਂ ਸੂਚੀਆਂ ਬਣਾਉਣ। ਉਧਰ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜ਼ੋਰਵਾਲ ਅਤੇ ਐਸ.ਐਸ.ਪੀ. ਸਰਤਾਜ ਸਿੰਘ ਚਾਹਲ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਚੋਣਾਂ ਦੇ ਸਮੁੱਚੇ ਪ੍ਰਬੰਧਾਂ ਬਾਰੇ ਅਹਿਮ ਮੀਟਿੰਗ ਕੀਤੀ ਗਈ। ਅੰਤਰਰਾਜੀ ਨਾਕਿਆਂ ’ਤੇ ਪੁਲੀਸ ਵਲੋਂ ਸਖਤ ਚੌਕਸੀ ਵਰਤੀ ਜਾ ਰਹੀ ਹੈ। ਕਿਸੇ ਨੂੰ ਵੀ ਅਮਨ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਇਸਤੋਂ ਇਲਾਵਾ ਪਹਿਲੀ ਜੂਨ ਨੂੰ ਜ਼ਿਲ੍ਹਾ ਸੰਗਰੂਰ ’ਚ ਪੇਡ ਹੋਲੀਡੇਅ ਦਾ ਐਲਾਨ ਕੀਤਾ ਗਿਆ ਹੈ।