
ਹਮਝੇੜੀ ਵਿੱਚ ਕਈ ਦਹਾਕਿਆਂ ਬਾਅਦ ਨਹਿਰ ਦਾ ਪਾਣੀ ਖੇਤਾਂ ਵਿੱਚ ਪਹੁੰਚਿਆ, ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ
- by Jasbeer Singh
- June 16, 2025

ਹਮਝੇੜੀ ਵਿੱਚ ਕਈ ਦਹਾਕਿਆਂ ਬਾਅਦ ਨਹਿਰ ਦਾ ਪਾਣੀ ਖੇਤਾਂ ਵਿੱਚ ਪਹੁੰਚਿਆ, ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਪਾਤੜਾਂ, 16 ਜੂਨ : ਪੰਜਾਬ ਸਰਕਾਰ ਵੱਲੋਂ ਸੂਇਆਂ ਦੀ ਸਫਾਈ ਅਤੇ ਉਸਾਰੀ ਕਾਰਜਾਂ ਤੋਂ ਬਾਅਦ ਹੁਣ ਸੂਇਆਂ ਤੇ ਖਾਲਿਆ ਵਿੱਚ ਨਹਿਰੀ ਪਾਣੀ ਛੱਡ ਦਿੱਤਾ ਗਿਆ ਹੈ, ਜਿਸ ਨਾਲ ਲੰਬੇ ਸਮੇਂ ਤੋਂ ਸੋਕੇ ਦੀ ਮਾਰ ਝੱਲ ਰਹੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਸੋਮਵਾਰ ਨੂੰ ਜਦੋਂ ਪਾਤੜਾਂ ਦੇ ਪਿੰਡ ਹਮਝੇੜੀ (ਕਰਮਗੜ੍ਹ 2) ਵਿੱਚ ਕਈ ਸਾਲਾਂ ਬਾਅਦ ਨਹਿਰ ਦਾ ਪਾਣੀ ਖੇਤਾਂ ਵਿੱਚ ਪਹੁੰਚਿਆ ਤਾਂ ਕਿਸਾਨਾਂ ਨੇ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ ਅਤੇ ਸਰਕਾਰ ਦਾ ਧੰਨਵਾਦ ਕੀਤਾ। ਪਿੰਡ ਦੇ ਕਿਸਾਨ ਇੰਦਰਜੀਤ ਸਿੰਘ (ਸਰਪੰਚ, ਦਿਆਲ ਨਗਰ ਹਮਝੇੜੀ) ਅਤੇ ਕਿਸਾਨ ਮੱਖਣ ਸਿੰਘ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਪਿੰਡ ਦੀ ਨਹਿਰੀ ਖਾਲ ਵਿੱਚ ਪਾਣੀ ਨਹੀਂ ਸੀ। ਇਸ ਕਾਰਨ ਕਿਸਾਨਾਂ ਨੂੰ ਸਿੰਚਾਈ ਲਈ ਧਰਤੀ ਹੇਠਲੇ ਪਾਣੀ 'ਤੇ ਨਿਰਭਰ ਰਹਿਣਾ ਪੈਂਦਾ ਸੀ, ਜਿਸ ਨਾਲ ਨਾ ਸਿਰਫ਼ ਖਰਚੇ ਵਧਦੇ ਸਨ, ਸਗੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਹੇਠਾਂ ਜਾ ਰਿਹਾ ਸੀ। ਅਨੁਸੂਚਿਤ ਜਾਤੀ ਭਾਈਚਾਰੇ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਉਪਲਬਧਤਾ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਹੋਏ ਹਨ। ਇਸ ਮੌਕੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਹਲਕੇ ਅੰਦਰ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ।