

ਸਪਾ ਸੰਸਦ ਮੈਂਬਰ ਤੇ ਵਿਧਾਇਕ ਦੇ ਪੁੱਤ ਖਿ਼ਲਾਫ਼ ਕੇਸ ਦਰਜ ਸੰਭਲ : ਅਦਾਲਤੀ ਹੁਕਮਾਂ ਮਗਰੋਂ ਸੰਭਲ ’ਚ ਮੁਗਲ ਕਾਲ ਦੀ ਇੱਕ ਮਸਜਿਦ ਦੇ ਸਰਵੇਖਣ ਸਮੇਂ ਸਥਾਨਕ ਲੋਕਾਂ ਤੇ ਪੁਲਸ ਵਿਚਾਲੇ ਹੋਈ ਹਿੰਸਕ ਝੜਪ ਦੇ ਸਬੰਧ ਵਿੱਚ ਪੁਲਸ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜਿ਼ਆ-ਉਰ-ਰਹਿਮਾਨ ਬਰਕ ਅਤੇ ਸਥਾਨਕ ਸਪਾ ਵਿਧਾਇਕ ਇਕਬਾਲ ਮਹਿਮੂਦ ਦੇ ਪੁੱਤਰ ਸੋਹੇਲ ਇਕਬਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ । ਇਸ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 25 ਜਣੇ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ । ਸੰਭਲ ’ਚ ਦੂਜੇ ਦਿਨ ਵੀ ਮਾਹੌਲ ਤਣਾਅ ਭਰਿਆ ਪਰ ਸ਼ਾਂਤ ਰਿਹਾ। ਸ਼ਾਹੀ ਜਾਮਾ ਮਸਜਿਦ ਨਾਲ ਲਗਦੀਆਂ ਸਾਰੀਆਂ ਗਲੀਆਂ ਸੁੰਨਸਾਨ ਰਹੀਆਂ ਅਤੇ ਇੱਥੇ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਰਹੀ । ਇਸ ਹਿੰਸਾ ’ਚ ਚਾਰ ਜਣਿਆਂ ਦੀ ਮੌਤ ਹੋ ਗਈ ਸੀ । ਜਿ਼ਲ੍ਹਾ ਪ੍ਰਸ਼ਾਸਨ ਨੇ ਪਾਬੰਦੀ ਦੇ ਹੁਕਮ ਜਾਰੀ ਕਰਦਿਆਂ 30 ਨਵੰਬਰ ਤੱਕ ਸੰਭਲ ’ਚ ਬਾਹਰੀ ਵਿਅਕਤੀਆਂ ਦੇ ਦਾਖਲੇ ’ਤੇ ਰੋਕ ਲਗਾ ਦਿੱਤੀ ਹੈ। ਸੰਭਲ ਤਹਿਸੀਲ ’ਚ ਇੰਟਰਨੈੱਟ ਸੇਵਾਵਾਂ ਮੁਅੱਤਲ ਹਨ ਅਤੇ ਸਕੂਲ ਬੰਦ ਰਹੇ । ਮ੍ਰਿਤਕਾਂ ਦੀ ਵਿਸਰਾ ਰਿਪੋਰਟ ਬਾਰੇ ਡਿਵੀਜ਼ਨਲ ਕਮਿਸ਼ਨਰ ਔਂਜਨੇਆ ਕੁਮਾਰ ਸਿੰਘ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਅਜਿਹਾ ਲਗਦਾ ਹੈ ਕਿ ਮੌਤਾਂ ਦਾ ਕਾਰਨ ਦੇਸੀ ਹਥਿਆਰਾਂ ਨਾਲ ਚਲਾਈ ਗਈ ਗੋਲੀ ਹੈ। ਐੱਸਪੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਸੱਤ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ’ਚ ਬਰਕ ਤੇ ਇਕਬਾਲ ਸਮੇਤ ਛੇ ਜਣਿਆਂ ਦੇ ਨਾਂ ਦਰਜ ਹਨ ਜਦਕਿ 2750 ਵਿਅਕਤੀ ਅਣਪਛਾਤਿਆਂ ਵਜੋਂ ਦਰਜ ਹਨ ।