
ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈ
- by Jasbeer Singh
- April 13, 2025

ਮੁੱਖ ਮੰਤਰੀ ਨੇ ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਪੰਜਾਬੀਆਂ ਨੂੰ ਦਿੱਤੀ ਵਧਾਈ * ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਿਆ ਪਟਿਆਲਾ, 13 ਅਪਰੈਲ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ, ਪੰਜਾਬੀਅਤ ਅਤੇ ਅਨੇਕਤਾ ਵਿੱਚ ਏਕਤਾ ਦੇ ਪ੍ਰਤੀਕ 'ਖਾਲਸਾ ਪੰਥ ਦੇ ਸਾਜਨਾ ਦਿਵਸ' ਅਤੇ 'ਵਿਸਾਖੀ' ਦੇ ਪਵਿੱਤਰ ਮੌਕੇ 'ਤੇ ਵਧਾਈ ਦਿੱਤੀ। ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਅਕੀਦਤ ਭੇਟ ਕਰਨ ਪੁੱਜੇ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਦੀ ਪੂਰੀ ਨਿਮਰਤਾ ਅਤੇ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਪਰਮਾਤਮਾ ਤੋਂ ਆਸ਼ੀਰਵਾਦ ਮੰਗਿਆ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਜਾਤ, ਰੰਗ, ਨਸਲ ਤੇ ਧਰਮ ਦੇ ਵਿਤਕਰੇ ਤੋਂ ਬਿਨਾਂ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦੀ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ ਤਾਂ ਜੋ ਇੱਕ ਸਦਭਾਵਨਾ ਵਾਲਾ ਸਮਾਜ ਸਿਰਜਿਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਪਰਮਾਤਮਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਇਮਾਨਦਾਰੀ, ਸਮਰਪਣ ਅਤੇ ਵਚਨਬੱਧਤਾ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵਿਸਾਖੀ ਦੇ ਪਵਿੱਤਰ ਮੌਕੇ 'ਤੇ ਮੁੱਖ ਮੰਤਰੀ ਨੇ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਵੀ ਅਰਦਾਸ ਕੀਤੀ। ਦੁਨੀਆ ਭਰ ਦੇ ਪੰਜਾਬੀਆਂ ਨੂੰ ਵਧਾਈ ਦਿੰਦੇ ਹੋਏ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਇਸ ਦਿਨ ਦੀ ਅਮੀਰ ਸ਼ਾਨਦਾਰ ਅਤੇ ਸੱਭਿਆਚਾਰਕ ਵਿਰਾਸਤ ਬਾਰੇ ਯਾਦ ਦਿਵਾਇਆ ਅਤੇ ਕਿਹਾ ਕਿ 1699 ਵਿੱਚ ਇਸ ਪਵਿੱਤਰ ਦਿਨ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਖੇਤਰਾਂ ਅਤੇ ਧਰਮਾਂ ਨਾਲ ਸਬੰਧਤ 'ਪੰਜ ਪਿਆਰਿਆਂ' ਨੂੰ ਅੰਮ੍ਰਿਤ ਛਕਾ ਕੇ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਖਾਲਸਾ ਪੰਥ' ਦੀ ਸਾਜਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਨੇ ਇਸ ਤਰ੍ਹਾਂ ਜਾਤ-ਪਾਤ ਰਹਿਤ ਸਮਾਜ ਦੀ ਸਿਰਜਣਾ ਕੀਤੀ ਅਤੇ ਮਨੁੱਖਤਾ ਲਈ ਪਿਆਰ ਅਤੇ ਦਿਆ, ਸਦੀਵੀ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਦੇ ਉਪਦੇਸ਼ ਦਿੱਤੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਤਿਉਹਾਰ ਹਾੜ੍ਹੀ ਦੀਆਂ ਫ਼ਸਲਾਂ ਦੇ ਪੱਕਣ ਅਤੇ ਵਾਢੀ ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸੂਬੇ ਅਤੇ ਇਸ ਦੇ ਕਿਸਾਨਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਹਾੜ੍ਹੀ ਦੀਆਂ ਫ਼ਸਲਾਂ ਦੀ ਵਾਢੀ ਅਤੇ ਸਾਂਭ-ਸੰਭਾਲ ਦਾ ਮੌਕਾ ਵੀ ਹੈ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਇਸ ਇਤਿਹਾਸਕ ਤਿਉਹਾਰ ਨੂੰ ਰਵਾਇਤੀ ਉਤਸ਼ਾਹ ਅਤੇ ਖੁਸ਼ੀ ਨਾਲ ਸਮੂਹਿਕ ਤੌਰ 'ਤੇ ਮਨਾਉਣ ਦਾ ਸੱਦਾ ਦਿੱਤਾ ਤਾਂ ਜੋ ਸਾਡੇ ਦੇਸ਼ ਦੇ ਧਰਮ ਨਿਰਪੱਖ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤ ਕੀਤਾ ਜਾ ਸਕੇ।
Related Post
Popular News
Hot Categories
Subscribe To Our Newsletter
No spam, notifications only about new products, updates.