ਹੁਣ ਹੋਰ ਵੀ ਤੇਜ਼ ਦੌੜੇਗੀ ਪੀ. ਆਰ. ਟੀ. ਸੀ. : ਹਰਪਾਲ ਜੁਨੇਜਾ
- by Jasbeer Singh
- February 16, 2026
ਹੁਣ ਹੋਰ ਵੀ ਤੇਜ਼ ਦੌੜੇਗੀ ਪੀ. ਆਰ. ਟੀ. ਸੀ. : ਹਰਪਾਲ ਜੁਨੇਜਾ -ਪੀ. ਆਰ. ਟੀ. ਸੀ. ਦੇ ਚੇਅਰਮੈਨ ਵੱਲੋਂ ਵਿਭਾਗ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਅਧਿਕਾਰੀਆਂ ਨੂੰ ਹਦਾਇਤਾਂ ਪਟਿਆਲਾ, 16 ਫ਼ਰਵਰੀ 2026 : ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਭਾਗ ਦੀਆਂ ਚੱਲ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕੀਤੀ। ਉਨ੍ਹਾਂ ਇਸ ਦੌਰਾਨ ਨਵੀਆਂ ਬੱਸਾਂ ਦੀ ਖਰੀਦ, ਈ ਟੀ ਐਮ (ਇਲੈਕਟ੍ਰਾਨਿਕ ਟਿਕਟ ਮਸ਼ੀਨ) ਤੇ ਬੱਸਾਂ ਦੇ ਸਪੇਅਰ ਪਾਰਟਸ, ਕਲਪੁਰਜਿਆਂ ਦੀ ਖਰੀਦ ਲਈ ਚੱਲ ਰਹੀਆਂ ਪ੍ਰਕਿਰਿਆਵਾਂ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਹੋਰ ਤੇਜ਼ੀ ਨਾਲ ਨੇਪਰੇ ਚੜਾਉਣ ਦੇ ਨਿਰਦੇਸ਼ ਦਿੱਤੇ। ਚੇਅਰਮੈਨ ਜੁਨੇਜਾ ਨੇ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਲਈ ਸੁਝਾਅ ਅਤੇ ਵਿਭਾਗ ਦੀ ਅੰਦਰੂਨੀ ਬਣਤਰ ਵਿੱਚ ਆਧੁਨਿਕਰਨ ਲਈ ਉਚਿਤ ਕਦਮਾਂ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਵਿਭਾਗ ਦੇ ਕਰਮਚਾਰੀਆਂ ਦੀ ਤਨਖਾਹ ਅਤੇ ਪੈਨਸ਼ਨ ਨੂੰ ਸਮੇਂ ਸਿਰ ਦੇਣ ਸਬੰਧੀ ਹਰ ਸੰਭਵ ਉਪਰਾਲੇ ਕਰਨ ਦੇ ਨਿਰਦੇਸ਼ ਦਿੱਤੇ । ਐਡਵੋਕੇਟ ਹਰਪਾਲ ਜੁਨੇਜਾ ਨੇ ਸਮੂਹ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਉਨ੍ਹਾਂ ਅਧੀਨ ਆਉਂਦੇ ਡਿਪੂਆਂ ਵਿੱਚ ਮੁਰੰਮਤ ਲਈ ਆਉਂਦੀਆਂ ਬੱਸਾਂ ਨੂੰ ਤੁਰੰਤ ਮੁਰੰਮਤ ਕਰਵਾਉਣ ਉਪਰੰਤ ਰੂਟਾਂ ‘ਤੇ ਭੇਜਣ ਸਬੰਧੀ ਵਰਕਸ਼ਾਪ ਸਟਾਫ਼ ਨੂੰ ਹਦਾਇਤ ਕਰਨ ਲਈ ਕਿਹਾ ਤਾਂ ਜੋ ਰੂਟ ਸੇਵਾ ਪ੍ਭਾਵਿਤ ਨਾ ਹੋਵੇ ਵਿਭਾਗ ਨੂੰ ਵਿੱਤੀ ਨੁਕਸਾਨ ਤੋਂ ਬਚਾਉਣ ਦੇ ਨਾਲ-ਨਾਲ ਯਾਤਰੀਆਂ ਨੂੰ ਵੀ ਨਿਰੰਤਰ ਸੁਚਾਰੂ ਸੇਵਾ ਪ੍ਰਦਾਨ ਕੀਤੀ ਜਾ ਸਕੇ । ਉਨ੍ਹਾਂ ਹਦਾਇਤ ਕੀਤੀ ਕਿ ਬੱਸਾਂ ਵਿੱਚ ਉੱਚੀ ਆਵਾਜ਼ ਗਾਣੇ ਚਲਾਉਣ ਤੋਂ ਗ਼ੁਰੇਜ਼ ਕਰਨ, ਸੀਟਾਂ ਅਤੇ ਬੱਸਾਂ ਨੂੰ ਹਰ ਪੱਖੋਂ ਸਾਫ਼ ਸੁਥਰਾ ਰੱਖਣ ਲਈ ਵੀ ਹੁਕਮ ਜਾਰੀ ਕੀਤੇ ਜਾਣ । ਇਸ ਤੋਂ ਇਲਾਵਾ ਜਨਰਲ ਮੈਨੇਜਰਾਂ ਨੂੰ ਬੱਸ ਸਟੈਂਡ ਅਤੇ ਡਿਪੂ ਸਾਫ਼ ਸੁਥਰੇ ਅਤੇ ਹਰੇ-ਭਰੇ ਬਣਾਉਣ ਲਈ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ । ਐਡਵੋਕੇਟ ਹਰਪਾਲ ਜੁਨੇਜਾ, ਚੇਅਰਮੈਨ ਨੇ ਅਧਿਕਾਰੀਆਂ ਨੂੰ ਵਿਭਾਗੀ ਕਾਰਜਕੁਸ਼ਲਤਾ ਵਿੱਚ ਹੋਰ ਸੁਧਾਰ ਲਿਆਉਣ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਸੰਯੁਕਤ ਯਤਨ ਕਰਨ ਦੇ ਨਿਰਦੇਸ਼ ਦਿੱਤੇ ਗਏ। ਬੈਠਕ ਦੌਰਾਨ ਵਧੀਕ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ, ਚੀਫ਼ ਅਕਾਊਂਟਸ ਅਫ਼ਸਰ ਜਸਪਾਲ ਸਿੰਘ ਵਾਲੀਆ, ਜੀ ਐਮ ਪਟਿਆਲਾ ਡਿਪੂ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਜਨਰਲ ਮੈਨੇਜਰ ਸੰਗਰੂਰ ਡਿਪੂ, ਪ੍ਰਸ਼ਾਸਨ, ਇਨਫੋਰਸਮੈਂਟ ਮਨਿੰਦਰਪਾਲ ਸਿੰਘ ਸਿੱਧੂ, ਜਨਰਲ ਮੈਨੇਜਰ ਲੁਧਿਆਣਾ ਡਿਪੂ, ਖਰੀਦ ਮੋਹਿੰਦਰਪਾਲ ਸਿੰਘ, ਜਨਰਲ ਮੈਨੇਜਰ ਚੰਡੀਗੜ੍ਹ ਡਿਪੂ, ਓਪਰੇਸ਼ਨ ਅਮਨਵੀਰ ਸਿੰਘ ਟਿਵਾਣਾ, ਜਨਰਲ ਮੈਨੇਜਰ ਕਪੂਰਥਲਾ ਡਿਪੂ, ਸਟੋਰ ਪਰਵੀਨ ਕੁਮਾਰ, ਜਨਰਲ ਮੈਨੇਜਰ ਬਰਨਾਲਾ ਡਿਪੂ, ਕੰਪਿਊਟਰਾਈਜ਼ੇਸ਼ਨ ਰਮਨ ਸ਼ਰਮਾ, ਜਨਰਲ ਮੈਨੇਜਰ ਬਠਿੰਡਾ ਡਿਪੂ, ਕੇਂਦਰੀ ਵਰਕਸ਼ਾਪ ਪਰਵੀਨ ਸ਼ਰਮਾ, ਜਨਰਲ ਮੈਨੇਜਰ ਫ਼ਰੀਦਕੋਟ ਡਿਪੂ ਸੀਤਾ ਰਾਮ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ ।
