post

Jasbeer Singh

(Chief Editor)

Patiala News

ਡੀ. ਸੀ. ਵੱਲੋਂ ਪਟਿਆਲਾ ਵਿਰਾਸਤੀ ਮੇਲੇ 'ਚ ਲੋਕਾਂ ਨੂੰ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਦਾ ਸੱਦਾ

post-img

ਡੀ. ਸੀ. ਵੱਲੋਂ ਪਟਿਆਲਾ ਵਿਰਾਸਤੀ ਮੇਲੇ 'ਚ ਲੋਕਾਂ ਨੂੰ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਦਾ ਸੱਦਾ -ਕਿਲਾ ਮੁਬਾਰਕ 'ਚ 21 ਨੂੰ ਸ਼ਾਸਤਰੀ ਸੰਗੀਤ ਤੇ 22 ਨੂੰ ਸੂਫ਼ੀਆਨਾ ਸ਼ਾਮ ਦੇ ਪੋਸਟਰ ਜਾਰੀ -17 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਮਨਮੋਹਨ ਵਾਰਸ ਤੇ ਕਮਲ ਹੀਰ ਵਾਰਸ ਭਰਾਵਾਂ ਦੀ ਜੋੜੀ ਰੰਗ ਬੰਨ੍ਹੇਗੀ ਪਟਿਆਲਾ, 16 ਫਰਵਰੀ 2026 : ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਪਟਿਆਲਾ ਵਿਰਾਸਤੀ ਮੇਲੇ-2026 ਤਹਿਤ ਕਿਲਾ ਮੁਬਾਰਕ ਵਿਖੇ 21 ਅਤੇ 22 ਫਰਵਰੀ ਦੀ ਸ਼ਾਮ ਨੂੰ ਕਰਵਾਈ ਜਾਣ ਵਾਲੀ ਸ਼ਾਸਤਰੀ ਸੰਗੀਤ ਅਤੇ ਸੂਫ਼ੀਆਨਾ ਸ਼ਾਮ ਦੇ ਪੋਸਟਰ ਜਾਰੀ ਕੀਤੇ । ਡਿਪਟੀ ਕਮਿਸ਼ਨਰ ਨੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਏ.ਡੀ.ਸੀ (ਜ) ਸਿਮਰਪ੍ਰੀਤ ਕੌਰ, ਐਸ.ਡੀ.ਐਮ. ਸਮਾਣਾ ਤੇ ਨੋਡਲ ਅਫ਼ਸਰ ਰਿਚਾ ਗੋਇਲ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ । ਵਰਜੀਤ ਵਾਲੀਆ ਨੇ ਦੱਸਿਆ ਕਿ 21 ਫਰਵਰੀ ਦੀ ਸ਼ਾਮ 6 ਵਜੇ ਹਿੰਦੁਤਸਾਨੀ ਸ਼ਾਸਤਰੀ ਸੰਗੀਤ ਦੀ ਉਘੀ ਗਾਇਕਾ ਰੌਣਕਿਨੀ ਗੁਪਤਾ ਦਾ ਗਾਇਣ ਹੋਵੇਗਾ । ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰਸਿੱਧ ਤਬਲਾਵਾਦਕ ਅਸ਼ੀਸ ਰਾਗਵਾਨੀ ਅਤੇ ਹਰਮੋਨੀਅਮ 'ਤੇ ਤਨਮਯ ਮੇਸਟਰੀ ਸੰਗਤ ਕਰਨਗੇ । ਜਦੋਂਕਿ ਇਨ੍ਹਾਂ ਤੋਂ ਬਾਅਦ ਅਨੁਪਮਾ ਭਾਗਵਤ ਦੀ ਸਿਤਾਰ, ਦੇਬਸ ਮਿਸ਼ਰਾ ਭੱਟਾਚਾਰੀਆ ਦਾ ਸਰੋਦ, ਪੰਡਿਤ ਅਭਿਸ਼ੇਕ ਮਿਸ਼ਰਾ ਦਾ ਤਬਲਾ ਅਤੇ ਏ ਅਵਧਾਨੀ ਦੇ ਮਿਰਦੰਗਮ ਦੀ ਚੌਗੁਲਬੰਦੀ ਹੋਵੇਗੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਵਿਰਾਸਤੀ ਮੇਲੇ ਦੀ ਸਮਾਪਤੀ ਵਾਲੀ ਸ਼ਾਮ 22 ਫਰਵਰੀ ਨੂੰ ਕਿਲਾ ਮੁਬਾਰਕ ਵਿਖੇ ਪਟਿਆਲਾ ਦੇ ਉਘੇ ਫ਼ਨਕਾਰ ਅਮਨਦੀਪ ਸਿੰਘ ਦਾ ਦਿਲਰੁਬਾ ਵਾਦਨ ਤੇ ਲੋਕ ਗਾਇਕੀ ਸਮੇਤ ਸੂਫ਼ੀ ਨੌਜਵਾਨ ਕਵਾਲ (ਇਮਰਾਨ) ਖ਼ਾਨ ਸਾਬ੍ਹ ਦੀ ਦਿਲਕਸ਼ ਗਾਇਕੀ ਹੋਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਲਈ ਪਟਿਆਲਵੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਵਿੱਚ ਭਾਰੀ ਉਤਸ਼ਾਹ ਹੈ । ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 17 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਉਘੇ ਪੰਜਾਬੀ ਗਾਇਕ ਮਨਮੋਹਨ ਵਾਰਸ ਤੇ ਕਮਲ ਹੀਰ ਵਾਰਸ ਭਰਾਵਾਂ ਦੀ ਜੋੜੀ ਰੰਗ ਬੰਨ੍ਹੇਗੀ। ਜਦਕਿ 18 ਫਰਵਰੀ ਨੂੰ ਬਾਰਾਂਦਰੀ ਬਾਗ ਭੋਜਨ ਮੇਲਾ ਤੇ ਫੁੱਲਾਂ ਦਾ ਸ਼ੋਅ, 19 ਫਰਵਰੀ ਨੂੰ ਬਾਰਾਂਦਰੀ ਬਾਗ ਵਿਖੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੁਦਰਤ ਵਾਕ, ਵਾਤਾਵਰਨ ਸੈਰ ਅਤੇ 20 ਫਰਵਰੀ ਨੂੰ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਵਿਰਾਸਤੀ ਵਾਕ ਹੋਵੇਗੀ ।

Related Post

Instagram