post

Jasbeer Singh

(Chief Editor)

Sports

ਮੁੱਖ ਮੰਤਰੀ ਨੇ ਸੂਬੇ ਵਿੱਚ ਰਵਾਇਤੀ ਪੇਂਡੂ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਸੁਰੱਖਿਅਤ ਰੱਖਣ ਪ੍ਰਤੀ ਵਚਨਬੱਧਤਾ ਦੁ

post-img

ਮੁੱਖ ਮੰਤਰੀ ਨੇ ਸੂਬੇ ਵਿੱਚ ਰਵਾਇਤੀ ਪੇਂਡੂ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਸੁਰੱਖਿਅਤ ਰੱਖਣ ਪ੍ਰਤੀ ਵਚਨਬੱਧਤਾ ਦੁਹਰਾਈ ਪੰਜਾਬ ਵਿਧਾਨ ਸਭਾ ਵੱਲੋਂ ਪਸ਼ੂਆਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਬਿੱਲ-2025 ਸਰਬਸੰਮਤੀ ਨਾਲ ਪਾਸ* ਪੇਂਡੂ ਖੇਡਾਂ ਪੰਜਾਬ ਦੀ ਸ਼ਾਨਦਾਰ ਵਿਰਾਸਤ ਦਾ ਅਨਿਖੜਵਾਂ ਅੰਗ* ਚੰਡੀਗੜ੍ਹ, 11 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਰਵਾਇਤੀ ਪੇਂਡੂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਰੱਖਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਪਸ਼ੂਆਂ ਪ੍ਰਤੀ ਬੇਰਹਿਮੀ ਦੀ ਰੋਕਥਾਮ (ਪੰਜਾਬ ਸੋਧ) ਬਿੱਲ 2025, ਜਿਸ ਨੂੰ ਸਦਨ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ, 'ਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਖੇਡਾਂ ਸੂਬੇ ਦੇ ਸ਼ਾਨਦਾਰ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਉਦੇਸ਼ ਪੇਂਡੂ ਖੇਡਾਂ ਖਾਸ ਕਰਕੇ ਬੈਲਗੱਡੀਆਂ ਦੀ ਦੌੜ ਅਤੇ ਹੋਰਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਸੂਬੇ ਦੇ ਕੋਨੇ- ਕੋਨੇ ਵਿੱਚ ਕਰਵਾਈਆਂ ਜਾਂਦੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਸ਼ੂਧਨ ਰਾਜ ਦੀ ਖੇਤੀਬਾੜੀ ਆਰਥਿਕਤਾ ਦਾ ਅਨਿੱਖੜਵਾਂ ਅੰਗ ਰਿਹਾ ਹੈ ਅਤੇ ਪੰਜਾਬੀ ਕਿਸਾਨ ਸਦੀਆਂ ਤੋਂ ਪਸ਼ੂਆਂ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਆ ਰਹੇ ਹਨ । ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਬੈਲਗੱਡੀਆਂ ਵਰਗੀਆਂ ਖੇਡਾਂ ਨੂੰ ਸ਼ੁਰੂ ਤੋਂ ਹੀ ਪਸੰਦ ਕੀਤਾ ਹੈ ਅਤੇ ਕਿਲ੍ਹਾ ਰਾਏਪੁਰ ਦੀਆਂ ਇਨ੍ਹਾਂ ਦੌੜਾਂ ਦੀ ਦੁਨੀਆ ਭਰ ਵਿੱਚ ਚਰਚਾ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਆਉਣ ਵਾਲੇ ਸਮੇਂ ਵਿੱਚ ਜਾਨਵਰਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਪੰਜਾਬ ਭਰ ਵਿੱਚ ਅਜਿਹੀਆਂ ਖੇਡਾਂ ਨੂੰ ਹੋਰ ਪ੍ਰਫੁੱਲਿਤ ਬਣਾਉਣ ਵਿੱਚ ਸਹਾਇਕ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਾਨਵਰਾਂ ਦੀ ਸੁਰੱਖਿਆ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਬੇਰਹਿਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿੱਲ ਦਾ ਮੁੱਖ ਉਦੇਸ਼ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਜਾਨਵਰਾਂ ਲਈ ਸੁਰੱਖਿਆ ਉਪਾਅ ਯਕੀਨੀ ਬਣਾਉਣਾ ਹੈ ਜਿਸ ਵਿੱਚ ਪਸ਼ੂਆਂ ਦੀ ਵੈਟਰਨਰੀ ਨਿਗਰਾਨੀ, ਸੁਰੱਖਿਆ ਮਾਪਦੰਡ, ਰਜਿਸਟ੍ਰੇਸ਼ਨ/ਦਸਤਾਵੇਜ਼ ਅਤੇ ਉਲੰਘਣਾਵਾਂ ਲਈ ਸਜ਼ਾ ਸ਼ਾਮਲ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਬਿੱਲ ਪਿੰਡਾਂ ਵਿੱਚ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਦੀਆਂ ਦੇਸੀ ਪਸ਼ੂ ਨਸਲਾਂ ਨੂੰ ਬਚਾਉਣ ਵਿੱਚ ਵੀ ਮਦਦ ਕਰੇਗਾ। ਭਗਵੰਤ ਸਿੰਘ ਮਾਨ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਅਵਾਰਾ ਜਾਨਵਰਾਂ ਦੇ ਖਤਰੇ ਨਾਲ ਨਜਿੱਠਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਏਗੀ ਕਿਉਂਕਿ ਇਹ ਜਾਨਵਰ ਲੋਕਾਂ ਦੇ ਜੀਵਨ ਅਤੇ ਜਾਇਦਾਦ ਲਈ ਗੰਭੀਰ ਖ਼ਤਰਾ ਹਨ ।

Related Post